ਤਾਜਾ ਖਬਰਾਂ
ਦੀਵਾਲੀ ਦੀ ਰਾਤ ਗੁਰਦਾਸਪੁਰ ਦੇ ਬਟਾਲਾ ਨੇੜਲੇ ਪਿੰਡ ਗੌਂਸਪੁਰਾ ਵਿੱਚ ਇੱਕ ਅਜੀਬ ਤੇ ਖ਼ਤਰਨਾਕ ਘਟਨਾ ਨੇ ਪੂਰੇ ਪਰਿਵਾਰ ਨੂੰ ਸਹਿਮ ਵਿੱਚ ਪਾ ਦਿੱਤਾ ਹੈ। ਡੇਰਾ ਬਾਬਾ ਨਾਨਕ ਤੋਂ ਆਪਣੀ ਧੀ ਜਵਾਈ ਕੋਲ ਤਿਉਹਾਰ ਮਨਾਉਣ ਆਈ 60 ਸਾਲਾ ਬਿਮਲਾ ਦੇਵੀ ਦੇ ਪੇਟ ਵਿੱਚ ਅਚਾਨਕ ਕੋਈ ਵਸਤੂ ਆ ਵੱਜੀ। ਪਰਿਵਾਰ ਇਸ ਨੂੰ ਪਟਾਕਾ ਸਮਝ ਕੇ ਲਾਪਰਵਾਹੀ ਕਰ ਗਿਆ, ਪਰ ਚਾਰ ਦਿਨਾਂ ਬਾਅਦ ਆਪਰੇਸ਼ਨ ਦੌਰਾਨ ਜਦੋਂ ਪੇਟ ਵਿੱਚੋਂ ਇੱਕ ਅਸਲ ਗੋਲੀ ਨਿਕਲੀ ਤਾਂ ਸਾਰੇ ਹੈਰਾਨ ਰਹਿ ਗਏ।
ਪਹਿਲਾਂ ਪਟਾਕਾ, ਫਿਰ ਗੋਲੀ: ਬਿਮਲਾ ਦੇਵੀ ਦੇ ਜਵਾਈ ਅੰਮ੍ਰਿਤਪਾਲ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਉਹ ਅਤੇ ਬੱਚੇ ਛੱਤ 'ਤੇ ਪਟਾਕੇ ਚਲਾ ਰਹੇ ਸਨ। ਜਦੋਂ ਬਿਮਲਾ ਦੇਵੀ ਦੀਵਾਲੀ ਦੀ ਰੌਣਕ ਦੇਖਣ ਲਈ ਛੱਤ 'ਤੇ ਚੜ੍ਹੀ, ਤਾਂ ਉਸ ਨੂੰ ਪੇਟ 'ਤੇ ਜ਼ੋਰਦਾਰ ਸੱਟ ਵੱਜੀ। ਮੁੱਢਲੇ ਤੌਰ 'ਤੇ ਉਨ੍ਹਾਂ ਨੇ ਇਸ ਨੂੰ ਕਿਸੇ ਪਟਾਕੇ ਦਾ ਹਿੱਸਾ ਸਮਝਿਆ ਅਤੇ ਸਿਵਲ ਹਸਪਤਾਲ ਬਟਾਲਾ ਲੈ ਗਏ। ਹਾਲਤ ਗੰਭੀਰ ਹੋਣ 'ਤੇ ਅੱਗੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।
ਡਾਕਟਰਾਂ ਨੇ ਕੀਤਾ ਗੋਲੀਬਾਰੀ ਦਾ ਖੁਲਾਸਾ: ਅੰਮ੍ਰਿਤਸਰ ਵਿੱਚ ਹੋਏ ਆਪਰੇਸ਼ਨ ਦੌਰਾਨ ਡਾਕਟਰਾਂ ਨੇ ਬਿਮਲਾ ਦੇਵੀ ਦੇ ਪੇਟ ਵਿੱਚੋਂ ਗੋਲੀ ਕੱਢੀ। ਇਸ ਖੁਲਾਸੇ ਨਾਲ ਪਰਿਵਾਰ ਡਰ ਗਿਆ ਹੈ। ਅੰਮ੍ਰਿਤਪਾਲ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਤੁਰੰਤ ਜਾਂਚ ਕੀਤੀ ਜਾਵੇ, ਕਿਉਂਕਿ ਜਿਸ ਸਮੇਂ ਇਹ ਘਟਨਾ ਵਾਪਰੀ, ਛੋਟੇ ਬੱਚੇ ਵੀ ਛੱਤ 'ਤੇ ਮੌਜੂਦ ਸਨ ਅਤੇ ਕੋਈ ਵੱਡਾ ਹਾਦਸਾ ਹੋ ਸਕਦਾ ਸੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ, ਅਰਬਨ ਸਟੇਟ ਚੌਂਕੀ ਇੰਚਾਰਜ ਸੁਖਰਾਜ ਸਿੰਘ ਨੇ ਪੁਸ਼ਟੀ ਕੀਤੀ ਕਿ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਜ਼ਖਮੀ ਬਿਮਲਾ ਦੇਵੀ ਅਜੇ ਵੀ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਅਤੇ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹਨ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਿਵੇਂ ਹੀ ਬਿਮਲਾ ਦੇਵੀ ਬਿਆਨ ਦੇਣ ਲਈ ਫਿੱਟ ਹੋਣਗੇ, ਉਨ੍ਹਾਂ ਦੇ ਅਧਾਰ 'ਤੇ ਤੁਰੰਤ ਕੇਸ ਦਰਜ ਕਰਕੇ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਭਾਲ ਸ਼ੁਰੂ ਕੀਤੀ ਜਾਵੇਗੀ। ਫਿਲਹਾਲ, ਗੌਂਸਪੁਰਾ ਵਿੱਚ ਇਹ ਰਹੱਸ ਬਰਕਰਾਰ ਹੈ ਕਿ ਦੀਵਾਲੀ ਦੀ ਖੁਸ਼ੀ ਵਿੱਚ ਗੋਲੀਬਾਰੀ ਕਰਨ ਵਾਲਾ ਵਿਅਕਤੀ ਕੌਣ ਸੀ।
Get all latest content delivered to your email a few times a month.