ਤਾਜਾ ਖਬਰਾਂ
ਸ਼ੁੱਕਰਵਾਰ ਤੜਕੇ ਹੈਦਰਾਬਾਦ-ਬੈਂਗਲੁਰੂ ਹਾਈਵੇਅ 'ਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਯਾਤਰੀ ਬੱਸ, ਇੱਕ ਮੋਟਰਸਾਈਕਲ ਨਾਲ ਭਿਆਨਕ ਟੱਕਰ ਤੋਂ ਬਾਅਦ, ਅੱਗ ਦੇ ਭਾਂਬੜ ਵਿੱਚ ਬਦਲ ਗਈ। ਕੁਰਨੂਲ ਦੇ ਚਿੰਨਾਤੇਕੁਰ ਨੇੜੇ ਰਾਤ ਦੇ ਹਨੇਰੇ ਵਿੱਚ ਵਾਪਰੇ ਇਸ ਹਾਦਸੇ ਨੇ ਘੱਟੋ-ਘੱਟ 20 ਨਿਰਦੋਸ਼ ਯਾਤਰੀਆਂ ਨੂੰ ਜ਼ਿੰਦਾ ਸਾੜ ਦਿੱਤਾ।
ਟੱਕਰ ਮਗਰੋਂ ਅੱਗ ਦਾ ਗੋਲਾ ਬਣੀ ਬੱਸ: ਕਾਵੇਰੀ ਟ੍ਰੈਵਲਜ਼ ਦੀ ਇਹ ਬੱਸ, ਜਿਸ ਵਿੱਚ ਕਰੀਬ 40 ਯਾਤਰੀ ਸਵਾਰ ਸਨ, ਹੈਦਰਾਬਾਦ ਵੱਲ ਜਾ ਰਹੀ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸੇ ਦਾ ਕਾਰਨ ਇੱਕ ਤੇਜ਼ ਰਫ਼ਤਾਰ ਬਾਈਕ ਸਵਾਰ ਸ਼ਿਵਸ਼ੰਕਰ ਸੀ। ਮੀਂਹ ਕਾਰਨ ਸੜਕ 'ਤੇ ਕੰਟਰੋਲ ਗੁਆ ਬੈਠਾ ਬਾਈਕ ਸਵਾਰ ਫਿਸਲ ਕੇ ਬੱਸ ਦੇ ਅਗਲੇ ਪਹੀਆਂ ਹੇਠਾਂ ਆ ਗਿਆ ਅਤੇ ਸਿੱਧਾ ਬੱਸ ਦੇ ਡੀਜ਼ਲ ਟੈਂਕ ਨਾਲ ਟਕਰਾਇਆ। ਇਸ ਜ਼ੋਰਦਾਰ ਟੱਕਰ ਨਾਲ ਟੈਂਕ ਦਾ ਢੱਕਣ ਖੁੱਲ੍ਹ ਗਿਆ ਅਤੇ ਅੱਗ ਤੁਰੰਤ ਭੜਕ ਉੱਠੀ।
ਏ.ਸੀ. ਬੱਸ ਦੇ ਦਰਵਾਜ਼ੇ ਹੋਏ ਜਾਮ, ਯਾਤਰੀ ਬਣੇ ਬੇਬੱਸ: ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਸ਼ਾਰਟ ਸਰਕਟ ਕਾਰਨ ਬੱਸ ਦਾ ਮੁੱਖ ਦਰਵਾਜ਼ਾ ਜਾਮ ਹੋ ਗਿਆ। ਕਿਉਂਕਿ ਇਹ ਇੱਕ ਏ.ਸੀ. ਵੋਲਵੋ ਬੱਸ ਸੀ, ਸਾਰੀਆਂ ਖਿੜਕੀਆਂ ਬੰਦ ਸਨ, ਜਿਸ ਕਾਰਨ ਯਾਤਰੀ ਬੁਰੀ ਤਰ੍ਹਾਂ ਅੰਦਰ ਫਸ ਗਏ। ਡਰਾਈਵਰ ਅਤੇ ਸਹਾਇਕ ਡਰਾਈਵਰ ਨੇ ਅੱਗ ਨੂੰ ਛੋਟਾ ਸਮਝ ਕੇ ਖ਼ੁਦ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅਸਫ਼ਲ ਰਹੇ। ਵੱਡੀ ਅੱਗ ਦੇਖ ਕੇ ਉਹ ਦੋਵੇਂ ਚੁੱਪ-ਚਾਪ ਛਾਲ ਮਾਰ ਕੇ ਬਾਹਰ ਨਿਕਲ ਗਏ, ਪਰ ਸੁੱਤੇ ਹੋਏ ਯਾਤਰੀਆਂ ਨੂੰ ਜਗਾਉਣ ਦੀ ਜ਼ਰੂਰਤ ਨਹੀਂ ਸਮਝੀ। ਇਹ ਲਾਪਰਵਾਹੀ 20 ਜਾਨਾਂ 'ਤੇ ਭਾਰੀ ਪਈ।
ਐਮਰਜੈਂਸੀ ਵਿੰਡੋ ਤੋਂ 12 ਲੋਕਾਂ ਨੇ ਬਚਾਈ ਜਾਨ: ਜਦੋਂ ਅੱਗ ਪੂਰੀ ਤਰ੍ਹਾਂ ਫੈਲ ਗਈ ਅਤੇ ਅੱਧੀ ਬੱਸ ਸੜ ਚੁੱਕੀ ਸੀ, ਤਾਂ ਇੱਕ ਯਾਤਰੀ ਨੇ ਜ਼ਬਰਦਸਤੀ ਐਮਰਜੈਂਸੀ ਖਿੜਕੀ ਤੋੜ ਦਿੱਤੀ। ਉਸ ਦੇ ਪਿੱਛੇ 11 ਹੋਰ ਲੋਕ ਵੀ ਛਾਲ ਮਾਰ ਕੇ ਬਚਣ ਵਿੱਚ ਕਾਮਯਾਬ ਰਹੇ। ਬਾਕੀ ਯਾਤਰੀ, ਜੋ ਪਿਛਲੇ ਹਿੱਸੇ ਵਿੱਚ ਫਸੇ ਸਨ, ਚੀਕਦੇ-ਚਿੱਲਾਉਂਦੇ ਹੋਏ ਅੱਗ ਦੀ ਭੇਟ ਚੜ੍ਹ ਗਏ। ਫਾਇਰ ਬ੍ਰਿਗੇਡ ਦੀਆਂ ਟੀਮਾਂ ਦੇ ਪਹੁੰਚਣ ਤੱਕ ਬੱਸ ਪੂਰੀ ਤਰ੍ਹਾਂ ਸੜ ਚੁੱਕੀ ਸੀ।
ਕਾਰਵਾਈ ਅਤੇ ਜਾਂਚ: ਇਸ ਦਰਦਨਾਕ ਹਾਦਸੇ ਤੋਂ ਬਾਅਦ, ਪੁਲਿਸ ਨੇ ਬੱਸ ਦੇ ਡਰਾਈਵਰ ਅਤੇ ਸਹਾਇਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਹੁਣ ਸੜ ਚੁੱਕੀਆਂ ਲਾਸ਼ਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਪੀੜਤ ਪਰਿਵਾਰਾਂ ਨੂੰ ਸੂਚਿਤ ਕੀਤਾ ਜਾ ਸਕੇ। ਬਾਈਕ ਸਵਾਰ ਦੀ ਮੌਤ ਵੀ ਮੌਕੇ 'ਤੇ ਹੀ ਹੋ ਗਈ ਸੀ।
Get all latest content delivered to your email a few times a month.