ਤਾਜਾ ਖਬਰਾਂ
ਡੇਰਾ ਬਾਬਾ ਨਾਨਕ ਇਲਾਕੇ ਵਿੱਚ ਦਿਵਾਲੀ ਦੇ ਖੁਸ਼ੀਭਰੇ ਮੌਕੇ 'ਤੇ ਇੱਕ ਦੁਖਦਾਈ ਘਟਨਾ ਵਾਪਰੀ। ਦਿਵਾਲੀ ਮਨਾਉਣ ਦੌਰਾਨ ਇੱਕ ਘਰ ਵਿੱਚ ਅਚਾਨਕ ਭਿਆਨਕ ਧਮਾਕਾ ਹੋਇਆ, ਜਿਸ ਵਿੱਚ ਸੱਤ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਤੁਰੰਤ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਇੱਕ ਨੌਜਵਾਨ ਨੇ ਜਾਨ ਗਵਾ ਦਿੱਤੀ, ਜਦਕਿ ਹੋਰ ਛੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਘਰ ਵਿੱਚ ਇਹ ਧਮਾਕਾ ਹੋਇਆ, ਜਿਸ ਨਾਲ ਇਲਾਕੇ ਵਿੱਚ ਭਗਦੜ ਮਚ ਗਈ। ਮਹਿੰਦਰ ਸਿੰਘ, ਜੋ ਪਰਿਵਾਰ ਦੇ ਇੱਕ ਮੈਂਬਰ ਹਨ, ਨੇ ਕਿਹਾ ਕਿ ਉਹ ਧਮਾਕੇ ਦੀ ਆਵਾਜ਼ ਸੁਣ ਕੇ ਇੱਕ ਕਿਲੋਮੀਟਰ ਦੌੜ ਕੇ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਜ਼ਖਮੀਆਂ ਨੂੰ ਗੱਡੀਆਂ ਵਿੱਚ ਪਾ ਕੇ ਹਸਪਤਾਲ ਭੇਜਿਆ।
ਪਰਿਵਾਰ ਦਾ ਕਹਿਣਾ ਹੈ ਕਿ ਧਮਾਕੇ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ, ਪਰ ਸ਼ੱਕ ਹੈ ਕਿ ਇਹ ਪਟਾਕੇ ਚਲਾਉਣ ਦੌਰਾਨ ਹੋਇਆ। ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਪਰਿਵਾਰ ਦਾ ਬਹੁਤ ਨੁਕਸਾਨ ਹੋਇਆ ਹੈ।
ਇਹ ਪਰਿਵਾਰ ਬਹੁਤ ਹੀ ਗਰੀਬ ਹੈ ਅਤੇ ਇਸ ਸਮੇਂ ਆਰਥਿਕ ਤੌਰ ਤੇ ਬੇਹੱਦ ਮਦਦ ਦੀ ਲੋੜ ਹੈ। ਪਰਿਵਾਰ ਨੇ ਸੰਗਤਾਂ ਅਤੇ ਸਮਾਜ ਸੇਵਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਖਮੀ ਬੱਚਿਆਂ ਦੇ ਇਲਾਜ ਅਤੇ ਪਰਿਵਾਰ ਦੀ ਸਹਾਇਤਾ ਲਈ ਅੱਗੇ ਆਉਣ। ਸਥਾਨਕ ਪ੍ਰਸ਼ਾਸਨ ਨੇ ਵੀ ਭਰੋਸਾ ਦਿੱਤਾ ਹੈ ਕਿ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਧਮਾਕੇ ਦੇ ਕਾਰਨ ਦੀ ਜਾਂਚ ਜਾਰੀ ਹੈ।
Get all latest content delivered to your email a few times a month.