ਤਾਜਾ ਖਬਰਾਂ
ਜਦੋਂ ਆਈਸੀਸੀ ਵਰਲਡ ਕੱਪ 2025 ਦਾ ਆਗਾਜ਼ 30 ਸਤੰਬਰ ਨੂੰ ਹੋਇਆ ਸੀ, ਤਾਂ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਕਿੱਥੇ ਖੇਡਿਆ ਜਾਵੇਗਾ। ਟੂਰਨਾਮੈਂਟ ਵਿੱਚ 22 ਮੈਚਾਂ ਦੇ ਲੰਬੇ ਇੰਤਜ਼ਾਰ ਅਤੇ ਪਾਕਿਸਤਾਨ ਦੀ ਚੌਥੀ ਹਾਰ ਤੋਂ ਬਾਅਦ ਆਖਰਕਾਰ ਫਾਈਨਲ ਮੈਚ ਦਾ ਸਥਾਨ ਤੈਅ ਹੋ ਗਿਆ ਹੈ। ਇਸ ਖ਼ਬਰ ਨਾਲ ਭਾਰਤੀ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਦਰਅਸਲ, ਆਈਸੀਸੀ ਵਰਲਡ ਕੱਪ 2025 ਦੇ ਆਗਾਜ਼ ਤੋਂ ਪਹਿਲਾਂ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਲਈ 2 ਸਥਾਨ ਚੁਣੇ ਗਏ ਸਨ। ਇੱਕ ਸਥਾਨ ਭਾਰਤ ਤੋਂ ਜਦੋਂ ਕਿ ਇੱਕ ਸ਼੍ਰੀਲੰਕਾ ਤੋਂ ਸੀ। ਯਾਨੀ ਇਨ੍ਹਾਂ ਵਿੱਚੋਂ ਕਿਸੇ ਇੱਕ ਥਾਂ 'ਤੇ ਖਿਤਾਬੀ ਮੁਕਾਬਲਾ ਖੇਡਿਆ ਜਾਣਾ ਤੈਅ ਹੋਇਆ ਸੀ। ਫਾਈਨਲ ਲਈ ਬੈਂਗਲੁਰੂ ਦਾ ਐੱਮ. ਚਿੰਨਾਸਵਾਮੀ ਸਟੇਡੀਅਮ ਜਾਂ ਕੋਲੰਬੋ ਦਾ ਆਰ. ਪ੍ਰੇਮਦਾਸਾ ਸਟੇਡੀਅਮ ਚੁਣਿਆ ਗਿਆ ਸੀ, ਪਰ ਬਾਅਦ ਵਿੱਚ ਚਿੰਨਾਸਵਾਮੀ ਸਟੇਡੀਅਮ ਦੀ ਥਾਂ ਨਵੀਂ ਮੁੰਬਈ ਦਾ ਡਾ. ਡੀ.ਵਾਈ. ਪਾਟਿਲ ਸਟੇਡੀਅਮ ਕਰ ਦਿੱਤਾ ਗਿਆ ਸੀ।
ਫਾਈਨਲ ਦਾ ਸਥਾਨ ਤੈਅ
ਦੱਸ ਦੇਈਏ ਕਿ ਆਈਸੀਸੀ ਮਹਿਲਾ ਵਰਲਡ ਕੱਪ 2025 ਦਾ ਆਯੋਜਨ ਭਾਰਤ ਅਤੇ ਸ਼੍ਰੀਲੰਕਾ ਵਿੱਚ ਹੋ ਰਿਹਾ ਹੈ। ਵੈਸੇ ਤਾਂ ਭਾਰਤ ਇਸ ਵਰਲਡ ਕੱਪ ਦਾ ਮੇਜ਼ਬਾਨ ਹੈ ਪਰ ਪਾਕਿਸਤਾਨ ਕਾਰਨ ਸ਼੍ਰੀਲੰਕਾ ਨੂੰ ਕੁਝ ਮੈਚਾਂ ਦੀ ਮੇਜ਼ਬਾਨੀ ਸੌਂਪੀ ਗਈ, ਜਿਨ੍ਹਾਂ ਵਿੱਚ ਇੱਕ ਸੈਮੀਫਾਈਨਲ ਅਤੇ ਫਾਈਨਲ ਮੈਚ ਵੀ ਸ਼ਾਮਲ ਸੀ। ਪਾਕਿਸਤਾਨ ਨੇ ਵਰਲਡ ਕੱਪ ਵਿੱਚ ਹਿੱਸਾ ਲੈਣ ਲਈ ਭਾਰਤ ਆਉਣ ਤੋਂ ਇਨਕਾਰ ਕਰ ਦਿੱਤਾ ਸੀ। ਅਜਿਹੇ ਵਿੱਚ ਕੋਲੰਬੋ ਨੂੰ ਪਾਕਿਸਤਾਨ ਦੇ ਸਥਾਨ ਵਜੋਂ ਚੁਣਿਆ ਗਿਆ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਵੀ ਇੱਥੇ ਹੀ ਖੇਡਿਆ ਗਿਆ। ਜੇਕਰ ਪਾਕਿਸਤਾਨ ਦੀ ਟੀਮ ਸੈਮੀਫਾਈਨਲ ਅਤੇ ਫਿਰ ਫਾਈਨਲ ਵਿੱਚ ਪਹੁੰਚਦੀ ਤਾਂ ਖਿਤਾਬੀ ਮੈਚ ਕੋਲੰਬੋ ਵਿੱਚ ਹੀ ਖੇਡਿਆ ਜਾਂਦਾ, ਪਰ ਹੁਣ ਪਾਕਿਸਤਾਨ ਦੀ ਟੀਮ ਵਰਲਡ ਕੱਪ 2025 ਤੋਂ ਬਾਹਰ ਹੋ ਗਈ ਹੈ, ਇਸ ਲਈ ਫਾਈਨਲ ਮੈਚ ਨਵੀਂ ਮੁੰਬਈ ਦੇ ਡਾ. ਡੀ.ਵਾਈ. ਪਾਟਿਲ ਸਟੇਡੀਅਮ ਵਿੱਚ ਹੋਣਾ ਤੈਅ ਹੋ ਗਿਆ ਹੈ। ਇੱਥੋਂ ਤੱਕ ਕਿ ਦੋਵੇਂ ਸੈਮੀਫਾਈਨਲ ਮੁਕਾਬਲੇ ਵੀ ਹੁਣ ਭਾਰਤ ਵਿੱਚ ਖੇਡੇ ਜਾਣਗੇ।
ਪਾਕਿਸਤਾਨ ਨੂੰ ਜਿੱਤ ਦਾ ਇੰਤਜ਼ਾਰ
ਜ਼ਿਕਰਯੋਗ ਹੈ ਕਿ ਵਰਲਡ ਕੱਪ ਦਾ ਪਹਿਲਾ ਸੈਮੀਫਾਈਨਲ ਮੈਚ 29 ਅਕਤੂਬਰ ਨੂੰ ਗੁਹਾਟੀ ਵਿੱਚ ਜਦੋਂ ਕਿ ਦੂਜਾ ਸੈਮੀਫਾਈਨਲ ਮੈਚ 30 ਅਕਤੂਬਰ ਨੂੰ ਡਾ. ਡੀ.ਵਾਈ. ਪਾਟਿਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੌਜੂਦਾ ਵਰਲਡ ਕੱਪ ਵਿੱਚ ਪਾਕਿਸਤਾਨ ਦੇ ਪ੍ਰਦਰਸ਼ਨ ਦੀ ਗੱਲ ਕੀਤੀ ਜਾਵੇ ਤਾਂ ਟੀਮ ਦਾ ਅਜੇ ਤੱਕ ਜਿੱਤ ਦਾ ਖਾਤਾ ਨਹੀਂ ਖੁੱਲ੍ਹਿਆ ਹੈ। ਸਾਊਥ ਅਫਰੀਕਾ ਤੋਂ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਟੂਰਨਾਮੈਂਟ ਤੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣੀ। ਹੁਣ ਤੱਕ ਖੇਡੇ ਆਪਣੇ 6 ਮੈਚਾਂ ਵਿੱਚ ਪਾਕਿਸਤਾਨ ਦੀ ਟੀਮ ਨੂੰ 4 ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ ਜਦੋਂ ਕਿ 2 ਮੈਚ ਬੇਨਤੀਜਾ ਰਹੇ। ਹੁਣ ਪਾਕਿਸਤਾਨ ਆਪਣਾ ਆਖਰੀ ਲੀਗ ਸਟੇਜ ਮੁਕਾਬਲਾ 24 ਅਕਤੂਬਰ ਨੂੰ ਸ਼੍ਰੀਲੰਕਾ ਦੇ ਖਿਲਾਫ ਖੇਡੇਗੀ।
Get all latest content delivered to your email a few times a month.