IMG-LOGO
ਹੋਮ ਪੰਜਾਬ: ਸੰਭਾਵੀ ਅੱਤਵਾਦੀ ਹਮਲਾ ਟਲਿ਼ਆ ; ਅੰਮ੍ਰਿਤਸਰ ਵਿੱਚ ਆਰ.ਪੀ.ਜੀ. ਅਤੇ ਲਾਂਚਰ...

ਸੰਭਾਵੀ ਅੱਤਵਾਦੀ ਹਮਲਾ ਟਲਿ਼ਆ ; ਅੰਮ੍ਰਿਤਸਰ ਵਿੱਚ ਆਰ.ਪੀ.ਜੀ. ਅਤੇ ਲਾਂਚਰ ਸਮੇਤ ਦੋ ਗ੍ਰਿਫ਼ਤਾਰ

Admin User - Oct 21, 2025 07:01 PM
IMG

ਚੰਡੀਗੜ੍ਹ/ਅੰਮ੍ਰਿਤਸਰ, 21 ਅਕਤੂਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਖੁਫੀਆ ਇਤਲਾਹ ‘ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਅੱਤਵਾਦੀ ਮਾਡਿਊਲ ਦੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰ.ਪੀ.ਜੀ.) ਸਮੇਤ ਲਾਂਚਰ ਬਰਾਮਦ ਕੀਤਾ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਦਿੱਤੀ ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮਹਿਕਦੀਪ ਸਿੰਘ ਉਰਫ਼ ਮਹਿਕ ਵਾਸੀ ਵਡਾਲੀ(ਅੰਮ੍ਰਿਤਸਰ) ਅਤੇ ਆਦਿੱਤਿਆ ਉਰਫ਼ ਅਧੀ ਵਾਸੀ ਪਿੰਡ ਭਾਗਾ ਛੀਨਾ , ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਆਰ.ਪੀ.ਜੀ. ਬਰਾਮਦ ਕਰਨ ਤੋਂ ਇਲਾਵਾ, ਉਨ੍ਹਾਂ ਦਾ ਮੋਟਰਸਾਈਕਲ, ਜਿਸ `ਤੇ ਉਹ ਸਵਾਰ ਸਨ, ਵੀ ਜ਼ਬਤ ਕੀਤਾ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪਾਕਿਸਤਾਨ ਦੇ ਆਈ.ਐਸ.ਆਈ. ਕਾਰਕੁੰਨ, ਜਿਸਨੇ ਸਰਹੱਦ ਪਾਰੋਂ ਡਰੋਨ ਰਾਹੀਂ ਖੇਪ ਭੇਜੀ ਸੀ ਅਤੇ ਹਰਪ੍ਰੀਤ ਸਿੰਘ ਉਰਫ਼ ਵਿੱਕੀ, ਜੋ ਮੌਜੂਦਾ ਸਮੇਂ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ, ਦੇ ਸੰਪਰਕ ਵਿੱਚ ਸਨ। ਉਨ੍ਹਾਂ ਕਿਹਾ “ਆਰਪੀਜੀ ਇੱਕ ਯੋਜਨਾਬੱਧ ਅੱਤਵਾਦੀ ਹਮਲੇ ਲਈ ਵਰਤਿਆ ਜਾਣਾ ਸੀ," ।

ਡੀਜੀਪੀ ਨੇ ਕਿਹਾ ਕਿ ਅਗਲੇਰੇ- ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੂਰੇ ਨੈੱਟਵਰਕ ਦਾ ਪਤਾ ਲਗਾਇਆ ਜਾ ਸਕੇ।

ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਨੇ ਕਿਹਾ ਕਿ ਪੁਖਤਾ ਇਤਲਾਹ ਮਿਲੀ ਸੀ ਕਿ ਦੋਵੇਂ ਸ਼ੱਕੀ ਵਿਅਕਤੀਆਂ— ਮਹਿਕਦੀਪ ਅਤੇ ਆਦਿੱਤਿਆ— ਨੇ ਹਰਪ੍ਰੀਤ ਉਰਫ਼ ਵਿੱਕੀ ਦੇ ਨਿਰਦੇਸ਼ਾਂ `ਤੇ, ਆਰਪੀਜੀ-22 ਨੈਟੋ ਐਂਟੀ-ਟੈਂਕ ਰਾਕੇਟ ਲਾਂਚਰ ਦੀ ਖੇਪ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ `ਤੇ ਕਾਰਵਾਈ ਕਰਦੇ ਹੋਏ, ਪੁਲਿਸ ਟੀਮਾਂ ਨੇ ਦੋਵਾਂ ਸ਼ੱਕੀਆਂ ਨੂੰ ਉਦੋਂ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਉਹ ਖੇਪ ਪਹੁੰਚਾਉਣ ਜਾ ਰਹੇ ਸਨ।

ਐਸਐਸਪੀ ਨੇ ਕਿਹਾ ਕਿ ਉਨ੍ਹਾਂ ਵਿਅਕਤੀਆਂ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਇਹ ਖੇਪ ਡਿਲੀਵਰ ਕੀਤੀ ਜਾਣੀ ਸੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਟੀਮਾਂ ਵੱਲੋਂ ਹੋਰ ਪੁੱਛਗਿੱਛ ਲਈ ਫਿਰੋਜ਼ਪੁਰ ਜੇਲ੍ਹ ਤੋਂ ਦੋਸ਼ੀ ਹਰਪ੍ਰੀਤ ਉਰਫ਼ ਵਿੱਕੀ ਨੂੰ ਵੀ ਪ੍ਰੋਡਕਸ਼ਨ ਵਾਰੰਟ `ਤੇ ਲਿਆਂਦਾ ਜਾਵੇਗਾ।

ਇਸ ਸਬੰਧ ਵਿੱਚ ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਸਟੇਸ਼ਨ ਘਰਿੰਡਾ ਵਿਖੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4 ਅਤੇ 5 ਅਤੇ ਬੀਐਨਐਸ ਦੀ ਧਾਰਾ 113 ਤਹਿਤ ਐਫਆਈਆਰ ਨੰਬਰ 331 ਮਿਤੀ 21/10/2025 ਨੂੰ ਕੇਸ ਦਰਜ ਕੀਤਾ ਗਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.