ਤਾਜਾ ਖਬਰਾਂ
ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ਨੂੰ ਲੈ ਕੇ ਤਣਾਅ ਮੁੜ ਵਧ ਗਿਆ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਕੋਲ "ਭਰੋਸੇਯੋਗ ਰਿਪੋਰਟਾਂ" ਹਨ ਕਿ ਹਮਾਸ ਗਾਜ਼ਾ ਵਿੱਚ ਫਿਲਸਤੀਨੀ ਆਮ ਨਾਗਰਿਕਾਂ 'ਤੇ ਹਮਲਾ ਕਰਕੇ ਜੰਗਬੰਦੀ ਦੀ ਉਲੰਘਣਾ ਕਰ ਸਕਦਾ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਜੇਕਰ ਇਹ ਹਮਲਾ ਹੁੰਦਾ ਹੈ, ਤਾਂ ਇਹ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਯੁੱਧ ਖਤਮ ਕਰਨ ਲਈ ਕੀਤੇ ਗਏ ਸਮਝੌਤੇ ਦਾ "ਸਿੱਧਾ ਅਤੇ ਗੰਭੀਰ ਉਲੰਘਣ" ਹੋਵੇਗਾ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਚੇਤਾਵਨੀ ਦਿੱਤੀ, "ਜੇ ਹਮਾਸ ਇਹ ਹਮਲਾ ਕਰਦਾ ਹੈ, ਤਾਂ ਗਾਜ਼ਾ ਦੇ ਲੋਕਾਂ ਦੀ ਸੁਰੱਖਿਆ ਅਤੇ ਸੰਘਰਸ਼ ਵਿਰਾਮ ਨੂੰ ਬਣਾਈ ਰੱਖਣ ਲਈ ਕਦਮ ਚੁੱਕੇ ਜਾਣਗੇ।"
ਟਰੰਪ ਨੇ ਦਿੱਤੀ ਸੀ ਸਖ਼ਤ ਧਮਕੀ
ਇਸ ਤੋਂ ਪਹਿਲਾਂ, ਟਰੰਪ ਨੇ ਖੁਦ ਸੋਸ਼ਲ ਮੀਡੀਆ 'ਤੇ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਜੇ ਹਮਾਸ ਹਿੰਸਾ ਜਾਰੀ ਰੱਖਦਾ ਹੈ, ਤਾਂ "ਸਾਡੇ ਕੋਲ ਉੱਥੇ ਜਾ ਕੇ ਉਨ੍ਹਾਂ ਨੂੰ ਮਾਰਨ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੋਵੇਗਾ।" ਹਾਲਾਂਕਿ, ਬਾਅਦ ਵਿੱਚ ਰਾਸ਼ਟਰਪਤੀ ਨੇ ਸਪੱਸ਼ਟ ਕੀਤਾ ਕਿ ਉਹ ਗਾਜ਼ਾ ਵਿੱਚ ਅਮਰੀਕੀ ਫੌਜ ਨਹੀਂ ਭੇਜਣਗੇ। ਉਨ੍ਹਾਂ ਕਿਹਾ, "ਇਹ ਅਸੀਂ ਨਹੀਂ ਕਰਾਂਗੇ। ਸਾਨੂੰ ਇਸਦੀ ਜ਼ਰੂਰਤ ਨਹੀਂ ਪਵੇਗੀ। ਉਨ੍ਹਾਂ ਦੇ ਨਜ਼ਦੀਕ ਬਹੁਤ ਲੋਕ ਹਨ ਜੋ ਅੰਦਰ ਜਾਣਗੇ ਅਤੇ ਉਹ ਆਸਾਨੀ ਨਾਲ ਕੰਮ ਕਰ ਦੇਣਗੇ, ਪਰ ਸਾਡੀ ਛੱਤਰੀ (ਨਿਗਰਾਨੀ) ਹੇਠ।"
ਹਮਾਸ ਨੇ ਦੋਸ਼ਾਂ ਨੂੰ ਕੀਤਾ ਖਾਰਜ
ਦੂਜੇ ਪਾਸੇ, ਹਮਾਸ ਨੇ ਐਤਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਅਮਰੀਕਾ ਦੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਇਸਨੂੰ ਇਜ਼ਰਾਈਲੀ ਦੁਸ਼ਪ੍ਰਚਾਰ ਦੱਸਿਆ ਹੈ। ਹਮਾਸ ਨੇ ਕਿਹਾ ਕਿ ਇਹ ਕਬਜ਼ਾ ਕਰਨ ਵਾਲੇ (ਇਜ਼ਰਾਈਲੀ) ਅਧਿਕਾਰੀਆਂ ਨੇ ਹੀ ਅਪਰਾਧਿਕ ਗਿਰੋਹਾਂ ਦਾ ਗਠਨ ਕੀਤਾ ਹੈ, ਉਨ੍ਹਾਂ ਨੂੰ ਹਥਿਆਰ ਅਤੇ ਪੈਸਾ ਮੁਹੱਈਆ ਕਰਵਾਇਆ ਹੈ, ਜਿਨ੍ਹਾਂ ਨੇ ਕਤਲ, ਅਗਵਾ, ਮਦਦ ਵਾਲੇ ਟਰੱਕਾਂ ਦੀ ਚੋਰੀ ਅਤੇ ਫਿਲਸਤੀਨੀ ਨਾਗਰਿਕਾਂ 'ਤੇ ਹਮਲੇ ਵਰਗੇ ਅਪਰਾਧ ਕੀਤੇ ਹਨ।
ਹਮਾਸ ਨੇ ਅਮਰੀਕੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ "ਕਬਜ਼ੇ (ਇਜ਼ਰਾਈਲ) ਦੇ ਭਰਮਾਊ ਬਿਆਨਾਂ ਨੂੰ ਦੁਹਰਾਉਣਾ ਬੰਦ ਕਰੇ" ਅਤੇ ਇਸ ਦੀ ਬਜਾਏ ਜੰਗਬੰਦੀ ਸਮਝੌਤੇ ਦੀ ਵਾਰ-ਵਾਰ ਉਲੰਘਣਾ 'ਤੇ ਲਗਾਮ ਲਗਾਏ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਜ਼ਰਾਈਲ ਇਨ੍ਹਾਂ ਗਿਰੋਹਾਂ ਦਾ ਸਮਰਥਨ ਕਰ ਰਿਹਾ ਹੈ ਅਤੇ ਆਪਣੇ ਕੰਟਰੋਲ ਵਾਲੇ ਇਲਾਕਿਆਂ ਵਿੱਚ ਉਨ੍ਹਾਂ ਨੂੰ ਸੁਰੱਖਿਅਤ ਥਾਂਵਾਂ ਮੁਹੱਈਆ ਕਰਵਾ ਰਿਹਾ ਹੈ, ਜੋ ਕਿ ਉਲੰਘਣਾ ਦਾ ਸਭ ਤੋਂ ਪ੍ਰਮੁੱਖ ਹਿੱਸਾ ਹੈ।
Get all latest content delivered to your email a few times a month.