ਤਾਜਾ ਖਬਰਾਂ
ਦੀਵਾਲੀ ਦੇ ਤਿਉਹਾਰੀ ਸੀਜ਼ਨ ਤੋਂ ਪਹਿਲਾਂ, ਜ਼ਿਲ੍ਹੇ ਦੇ ਨਿਵਾਸੀਆਂ ਨੂੰ ਸਿਹਤ ਲਈ ਹਾਨੀਕਾਰਕ ਮਠਿਆਈਆਂ ਪਰੋਸਣ ਵਾਲਿਆਂ ਖਿਲਾਫ ਸਥਾਨਕ ਪੁਲਿਸ ਪ੍ਰਸ਼ਾਸਨ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ। ਸੀਨੀਅਰ ਪੁਲਸ ਕਪਤਾਨ ਡਾ. ਪ੍ਰਾਗਿਆ ਜੈਨ ਦੀ ਅਗਵਾਈ ਹੇਠ, ਪੁਲਿਸ ਅਤੇ ਫੂਡ ਸੇਫਟੀ ਵਿਭਾਗ ਦੀਆਂ ਟੀਮਾਂ ਨੇ ਇੱਕ ਸਾਂਝਾ ਆਪ੍ਰੇਸ਼ਨ ਕਰਕੇ ਬੇਹੱਦ ਗੰਦੇ ਅਤੇ ਅਸੁਰੱਖਿਅਤ ਢੰਗ ਨਾਲ ਬਣਾਈ ਜਾ ਰਹੀ 18 ਕੁਇੰਟਲ 50 ਕਿੱਲੋ ਨਕਲੀ ਮਠਿਆਈ ਦਾ ਪਰਦਾਫਾਸ਼ ਕੀਤਾ ਹੈ।
ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤੀ ਗਈ ਇਸ ਸ਼ਲਾਘਾਯੋਗ ਕਾਰਵਾਈ ਦੀ ਸ਼ਹਿਰ ਵਿੱਚ ਕਾਫੀ ਚਰਚਾ ਹੋ ਰਹੀ ਹੈ। ਡੀ.ਐੱਸ.ਪੀ. ਤਰਲੋਚਨ ਸਿੰਘ ਦੀ ਅਗਵਾਈ ਹੇਠ ਥਾਣਾ ਸਿਟੀ ਪੁਲਿਸ ਅਤੇ ਫੂਡ ਸੇਫਟੀ ਵਿਭਾਗ ਦੀਆਂ ਟੀਮਾਂ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸਥਾਨਕ ਗੁਰੂ ਤੇਗ ਬਹਾਦਰ ਨਗਰ ਵਿਖੇ ਮਠਿਆਈਆਂ ਬਣਾਉਣ ਵਾਲੀ ਇੱਕ ਫੈਕਟਰੀ 'ਤੇ ਛਾਪੇਮਾਰੀ ਕੀਤੀ।
ਨਮੂਨੇ ਟੈਸਟ ਲਈ ਭੇਜੇ, ਅਗਲੀ ਕਾਰਵਾਈ ਜਾਰੀ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐੱਸ.ਪੀ. ਸਥਾਨਕ ਮਨਵਿੰਦਰ ਬੀਰ ਸਿੰਘ ਨੇ ਦੱਸਿਆ ਕਿ ਗੁਪਤ ਇਤਲਾਹ ਮਿਲੀ ਸੀ ਕਿ ਇਸ ਜਗ੍ਹਾ 'ਤੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਕੇ ਮਠਿਆਈ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੇਡ ਸਮੇਂ ਮੌਕੇ 'ਤੇ ਬਹੁਤ ਵੱਡੀ ਮਾਤਰਾ ਵਿੱਚ ਮਠਿਆਈ ਤਿਆਰ ਕੀਤੀ ਜਾ ਰਹੀ ਸੀ, ਜਿਸ ਦੇ ਨਮੂਨੇ (ਸੈਂਪਲ) ਲੈ ਕੇ ਟੈਸਟ ਲਈ ਭੇਜ ਦਿੱਤੇ ਗਏ ਹਨ। ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਫੂਡ ਸੇਫਟੀ ਅਫ਼ਸਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਫੈਕਟਰੀ ਦੇ ਮਾਲਕ ਦੀ ਪਛਾਣ ਨਰਿੰਦਰ ਕੁਮਾਰ ਵਜੋਂ ਹੋਈ ਹੈ। ਸਫਾਈ ਦੇ ਪੂਰੇ ਪ੍ਰਬੰਧ ਨਾ ਹੋਣ ਕਾਰਨ ਮਾਲਕ ਖ਼ਿਲਾਫ਼ ਧਾਰਾ 56 ਫੂਡ ਸੇਫਟੀ ਐਕਟ ਤਹਿਤ ਚਲਾਨ ਵੀ ਕੀਤਾ ਗਿਆ ਹੈ।
ਜ਼ਬਤ ਕੀਤੀ ਮਠਿਆਈ ਦਾ ਵੇਰਵਾ:
ਫੂਡ ਸੇਫਟੀ ਅਫ਼ਸਰ ਅਨੁਸਾਰ ਫੜ੍ਹੀ ਗਈ ਨਕਲੀ ਮਠਿਆਈ ਵਿੱਚ ਮੁੱਖ ਤੌਰ 'ਤੇ 115.5 ਕਿਲੋ ਮਿਲਕ ਕੇਕ, 180 ਕਿੱਲੋ ਬਰਫ਼ੀ ਖੋਇਆ ਅਤੇ 16 ਕੁਇੰਟਲ ਸੋਨ ਪਾਪੜੀ ਸ਼ਾਮਲ ਹੈ। ਪੁਲਿਸ ਪ੍ਰਸ਼ਾਸਨ ਅਤੇ ਫੂਡ ਸੇਫਟੀ ਟੀਮਾਂ ਨੇ ਸਪੱਸ਼ਟ ਕੀਤਾ ਹੈ ਕਿ ਤਿਉਹਾਰਾਂ ਦੇ ਮੱਦੇਨਜ਼ਰ ਅਜਿਹੀ ਚੈਕਿੰਗ ਹੋਰ ਵੀ ਵਧਾਈ ਜਾਵੇਗੀ ਤਾਂ ਜੋ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਕਾਰੋਬਾਰ ਨੂੰ ਬਖਸ਼ਿਆ ਨਾ ਜਾਵੇ।
Get all latest content delivered to your email a few times a month.