ਤਾਜਾ ਖਬਰਾਂ
ਦੀਵਾਲੀ ਦੇ ਤਿਉਹਾਰਾਂ ਦੌਰਾਨ ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਲਈ ਪਾਕਿਸਤਾਨੀ ਖੁਫੀਆ ਏਜੰਸੀਆਂ ਹਰ ਹੱਥਕੰਡਾ ਅਪਣਾ ਰਹੀਆਂ ਹਨ। ਹਾਲ ਹੀ ਵਿੱਚ ਦਿਹਾਤੀ ਪੁਲਿਸ ਵੱਲੋਂ ਵਿਸਫੋਟਕ ਸਮੱਗਰੀ ਦੀ ਵੱਡੀ ਖੇਪ ਜ਼ਬਤ ਕੀਤੇ ਜਾਣ ਨਾਲ, ਇੱਕ ਸਾਜ਼ਿਸ਼ ਤਾਂ ਨਾਕਾਮ ਹੋ ਗਈ ਹੈ, ਪਰ ਸਮੁੱਚੀਆਂ ਸੁਰੱਖਿਆ ਏਜੰਸੀਆਂ, ਜਿਨ੍ਹਾਂ ਵਿੱਚ ਬੀ.ਐੱਸ.ਐੱਫ. ਅਤੇ ਪੰਜਾਬ ਪੁਲਿਸ ਸ਼ਾਮਲ ਹਨ, ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਖ਼ਬਰ ਹੈ ਕਿ 'ਆਪ੍ਰੇਸ਼ਨ ਸਿੰਦੂਰ' ਵਿੱਚ ਮਿਲੀ ਨਮੋਸ਼ੀ ਕਾਰਨ ਪਾਕਿਸਤਾਨ ਬੁਰੀ ਤਰ੍ਹਾਂ ਬੌਖਲਾਇਆ ਹੋਇਆ ਹੈ ਅਤੇ ਕਿਸੇ ਵੀ ਨਿੰਦਣਯੋਗ ਕਦਮ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹੈ।
ਡਰੋਨਾਂ ਰਾਹੀਂ ਅਤਿ-ਆਧੁਨਿਕ ਹਥਿਆਰਾਂ ਦੀ 'ਬਾਰਿਸ਼'
ਪਾਕਿਸਤਾਨ ਆਪਣੀਆਂ ਦੇਸ਼ ਵਿਰੋਧੀ ਚਾਲਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨਾਂ ਦੀ ਹਰਕਤ ਤੇਜ਼ ਕਰ ਰਿਹਾ ਹੈ। ਇਨ੍ਹਾਂ ਵਿੱਚੋਂ ਕਈ ਡਰੋਨ 15 ਤੋਂ 20 ਕਿੱਲੋ ਭਾਰ ਚੁੱਕਣ ਦੀ ਸਮਰੱਥਾ ਰੱਖਦੇ ਹਨ, ਜਿਨ੍ਹਾਂ ਰਾਹੀਂ RDX, ID, ਗ੍ਰੇਨੇਡ ਅਤੇ AK-47 ਰਾਈਫਲਾਂ ਸਮੇਤ ਵੱਡੀ ਮਾਤਰਾ ਵਿੱਚ ਹਥਿਆਰ ਲਗਾਤਾਰ ਪੰਜਾਬ ਭੇਜੇ ਜਾ ਰਹੇ ਹਨ। ਅੰਕੜੇ ਦੱਸਦੇ ਹਨ ਕਿ ਬੀ.ਐੱਸ.ਐੱਫ. ਵੱਲੋਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 205 ਡਰੋਨ ਫੜੇ ਜਾਣਾ, ਸਥਿਤੀ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।
ਗੈਂਗਸਟਰ-ਅੱਤਵਾਦੀ ਗਠਜੋੜ ਸਭ ਤੋਂ ਵੱਡਾ ਖ਼ਤਰਾ
ਹਾਲਾਤ ਉਦੋਂ ਹੋਰ ਖ਼ਤਰਨਾਕ ਹੋ ਜਾਂਦੇ ਹਨ, ਜਦੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਵਿੱਚ ਬੈਠੇ ਅੱਤਵਾਦੀਆਂ ਅਤੇ ਪੰਜਾਬ ਦੇ ਗੈਂਗਸਟਰਾਂ ਵਿਚਕਾਰ ਇੱਕ ਮਜ਼ਬੂਤ ਗੱਠਜੋੜ ਬਣ ਚੁੱਕਾ ਹੈ। ਇਹ ਗੈਂਗਸਟਰ ਨਾ ਸਿਰਫ਼ ਹਥਿਆਰਾਂ ਦੀ ਸਪਲਾਈ ਚੈਨਲ ਵਜੋਂ ਕੰਮ ਕਰ ਰਹੇ ਹਨ, ਸਗੋਂ ਪਾਕਿਸਤਾਨੀ ਏਜੰਸੀਆਂ ਨੂੰ ਖੁਫੀਆ ਜਾਣਕਾਰੀਆਂ ਵੀ ਦੇ ਰਹੇ ਹਨ। ਜਿੱਥੇ ਪੁਲਿਸ ਲਗਾਤਾਰ ਮੁਕਾਬਲੇ ਕਰ ਰਹੀ ਹੈ, ਉੱਥੇ ਹੀ ਗੈਂਗਸਟਰਾਂ ਤੱਕ ਅਤਿ-ਆਧੁਨਿਕ ਹਥਿਆਰਾਂ ਦਾ ਪਹੁੰਚਣਾ ਸੁਰੱਖਿਆ ਲਈ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਜੇਲ੍ਹਾਂ ਦੀ ਸੁਰੱਖਿਆ ਵਿੱਚ ਵੱਡੀ ਚੂਕ
ਇੱਕ ਹੋਰ ਹੈਰਾਨੀਜਨਕ ਤੱਥ ਇਹ ਹੈ ਕਿ ਵੱਡੇ-ਵੱਡੇ ਹੈਰੋਇਨ ਤਸਕਰ ਅਤੇ ਗੈਂਗਸਟਰ ਜੇਲ੍ਹਾਂ ਦੇ ਅੰਦਰੋਂ ਹੀ ਆਪਣਾ ਨੈੱਟਵਰਕ ਬਿਨਾਂ ਕਿਸੇ ਰੋਕ-ਟੋਕ ਦੇ ਚਲਾ ਰਹੇ ਹਨ। ਕੈਦੀ ਜੇਲ੍ਹ ਅੰਦਰ ਜਾ ਕੇ ਇਨ੍ਹਾਂ ਗੈਂਗਸਟਰਾਂ ਨਾਲ ਮਿਲ ਕੇ ਹੋਰ ਮਜ਼ਬੂਤ ਹੋ ਕੇ ਬਾਹਰ ਆਉਂਦੇ ਹਨ ਅਤੇ ਵੱਡੀਆਂ ਵਾਰਦਾਤਾਂ ਕਰਦੇ ਹਨ। ਜੈਮਰ ਲੱਗੇ ਹੋਣ ਦੇ ਦਾਅਵਿਆਂ ਦੇ ਬਾਵਜੂਦ ਵੀਡੀਓ ਕਾਲਾਂ ਅਤੇ ਅੰਮ੍ਰਿਤਸਰ ਸਮੇਤ ਕਈ ਜੇਲ੍ਹਾਂ ਵਿੱਚੋਂ ਆਏ ਦਿਨ ਮੋਬਾਈਲ ਫੋਨ ਮਿਲਣਾ, ਸਾਬਤ ਕਰਦਾ ਹੈ ਕਿ ਜੇਲ੍ਹ ਪ੍ਰਸ਼ਾਸਨ ਦੀ ਸੁਰੱਖਿਆ ਵਿੱਚ ਵੱਡੀ ਢਿੱਲ ਹੈ।
ਹਾਲਾਂਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਵੱਡੇ ਪੁਲਿਸ ਅਧਿਕਾਰੀਆਂ ਸਮੇਤ ਨਸ਼ਾ ਤਸਕਰਾਂ ਦੀਆਂ ਸਭ ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਹਨ, ਪਰ ਇਸ ਦੇ ਬਾਵਜੂਦ ਡਰੋਨਾਂ ਦੀ ਹਰਕਤ ਅਤੇ ਨਸ਼ੇ/ਹਥਿਆਰਾਂ ਦੀ ਸਪਲਾਈ ਦਾ ਨੈੱਟਵਰਕ ਨਾ ਟੁੱਟਣਾ ਇੱਕ ਬਹੁਤ ਵੱਡਾ ਰਹੱਸ ਬਣਿਆ ਹੋਇਆ ਹੈ।
Get all latest content delivered to your email a few times a month.