ਤਾਜਾ ਖਬਰਾਂ
ਅੰਮ੍ਰਿਤਸਰ ਦੇ ਵਿਰਾਸਤੀ ਖੇਤਰ ਵਿੱਚ, ਪ੍ਰਸਿੱਧ ਭਰਾਵਾਂ ਦੇ ਢਾਬੇ ਦੇ ਨੇੜੇ, ਸ਼ਨੀਵਾਰ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਅਧੂਰੀ ਉਸਾਰੀ ਅਧੀਨ ਇਮਾਰਤ ਅਚਾਨਕ ਢਹਿ ਗਈ। ਹਾਦਸੇ ਸਮੇਂ ਇਮਾਰਤ 'ਤੇ ਕੁਝ ਮਜ਼ਦੂਰ ਕੰਮ ਕਰ ਰਹੇ ਸਨ, ਜਿਨ੍ਹਾਂ ਵਿੱਚੋਂ ਇੱਕ ਮਜ਼ਦੂਰ ਜ਼ਖਮੀ ਹੋ ਗਿਆ।
ਪਿੰਡ ਲੱਧੇਵਾਲ ਦੇ ਰਹਿਣ ਵਾਲੇ ਮਜ਼ਦੂਰ ਸਰਵਨ ਸਿੰਘ ਨੂੰ ਲੱਤ 'ਤੇ ਮਾਮੂਲੀ ਸੱਟ ਲੱਗੀ ਹੈ ਅਤੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਦੀ ਗੰਭੀਰਤਾ ਇਸ ਗੱਲ ਤੋਂ ਵੀ ਲਗਾਈ ਜਾ ਸਕਦੀ ਹੈ ਕਿ ਇਹ ਘਟਨਾ ਸ੍ਰੀ ਦਰਬਾਰ ਸਾਹਿਬ ਤੋਂ ਥੋੜ੍ਹੀ ਹੀ ਦੂਰੀ 'ਤੇ ਵਾਪਰੀ, ਜਿੱਥੇ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਅਤੇ ਸੈਲਾਨੀ ਆਉਂਦੇ ਹਨ।
ਸੁਰੱਖਿਆ ਪ੍ਰਬੰਧਾਂ 'ਤੇ ਸਵਾਲ, ਲੋਕਾਂ 'ਚ ਗੁੱਸਾ
ਸਥਾਨਕ ਨਿਵਾਸੀ ਸਾਹਿਬ ਸਿੰਘ ਨੇ ਦੱਸਿਆ ਕਿ ਇਮਾਰਤ ਦਾ ਕੰਮ ਲਗਾਤਾਰ ਚੱਲ ਰਿਹਾ ਸੀ, ਪਰ ਕੰਮ ਦੌਰਾਨ ਕਿਸੇ ਵੀ ਤਰ੍ਹਾਂ ਦੇ ਸੁਰੱਖਿਆ ਜਾਂ ਸੇਫਟੀ ਪ੍ਰਬੰਧ ਨਹੀਂ ਕੀਤੇ ਗਏ ਸਨ। ਚਸ਼ਮਦੀਦਾਂ ਅਨੁਸਾਰ, ਇਮਾਰਤ ਨੂੰ ਢਾਹੁਣ ਦਾ ਕੰਮ ਚੱਲ ਰਿਹਾ ਸੀ, ਪਰ ਢਾਹੁਣ ਤੋਂ ਪਹਿਲਾਂ ਇਲਾਕੇ ਵਿੱਚ ਕੋਈ ਚੇਤਾਵਨੀ ਜਾਂ ਰੋਕਥਾਮ ਨਹੀਂ ਕੀਤੀ ਗਈ, ਜਿਸ ਕਾਰਨ ਵੱਡਾ ਨੁਕਸਾਨ ਹੋ ਸਕਦਾ ਸੀ।
ਇਸ ਘਟਨਾ ਨੇ ਖਾਸ ਤੌਰ 'ਤੇ ਵਿਰਾਸਤੀ ਅਤੇ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਉਸਾਰੀ ਦੇ ਮਿਆਰਾਂ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਸਥਾਨਕ ਪ੍ਰਸ਼ਾਸਨ ਨੇ ਮੀਡੀਆ ਨੂੰ ਦੱਸਿਆ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਪ੍ਰਸ਼ਾਸਨ ਨੇ ਕਿਹਾ ਕਿ ਜੋ ਵੀ ਅਣਗਹਿਲੀ ਲਈ ਜ਼ਿੰਮੇਵਾਰ ਪਾਇਆ ਗਿਆ, ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹਾਲਾਂਕਿ, ਇਸ ਹਾਦਸੇ ਨੇ ਸ਼ਹਿਰ ਦੀ ਸੁਰੱਖਿਆ ਪ੍ਰਬੰਧਨ ਦੀ ਅਸਲ ਤਸਵੀਰ ਜ਼ਰੂਰ ਪੇਸ਼ ਕੀਤੀ ਹੈ।
Get all latest content delivered to your email a few times a month.