ਤਾਜਾ ਖਬਰਾਂ
ਜ਼ਿਲ੍ਹਾ ਮਾਨਸਾ ਦੇ ਝੁਨੀਰ ਕਸਬੇ ਵਿੱਚ ਅੱਜ ਸਵੇਰੇ ਉਸ ਸਮੇਂ ਦਿਲ ਕੰਬਾਊ ਹਾਦਸਾ ਵਾਪਰਿਆ, ਜਦੋਂ ਸਕੂਲ ਜਾ ਰਹੀਆਂ ਤਿੰਨ ਬੱਚੀਆਂ ਅਤੇ ਉਨ੍ਹਾਂ ਦੇ ਪਿਤਾ ਨੂੰ ਪੰਜਾਬ ਰੋਡਵੇਜ਼ ਦੀ ਤੇਜ਼ ਰਫ਼ਤਾਰ ਬੱਸ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸ ਭਿਆਨਕ ਹਾਦਸੇ ਵਿੱਚ ਦੋ ਵਿਦਿਆਰਥਣਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਪਿਤਾ ਅਤੇ ਇੱਕ ਭਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਮ੍ਰਿਤਕ ਬੱਚੀਆਂ ਦੀ ਪਛਾਣ ਸੀਮਾ ਕੌਰ (8) ਅਤੇ ਮੀਨਾ ਕੌਰ (15) ਵਜੋਂ ਹੋਈ ਹੈ। ਮ੍ਰਿਤਕਾਂ ਦੇ ਪਿਤਾ, ਬਿੰਦਰ ਰਾਮ ਅਤੇ ਉਨ੍ਹਾਂ ਦਾ ਛੋਟਾ ਭਰਾ, ਗੰਭੀਰ ਹਾਲਤ ਵਿੱਚ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਸਰਦੂਲਗੜ੍ਹ ਹਸਪਤਾਲ ਲਿਜਾਇਆ ਗਿਆ।
ਤੇਜ਼ ਰਫ਼ਤਾਰ ਬੱਸਾਂ 'ਤੇ ਲੋਕਾਂ ਦਾ ਗੁੱਸਾ
ਮ੍ਰਿਤਕ ਬੱਚੀਆਂ ਦੀਆਂ ਲਾਸ਼ਾਂ ਨੂੰ ਵੀ ਐਂਬੂਲੈਂਸ ਰਾਹੀਂ ਸਰਦੂਲਗੜ੍ਹ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਹਾਦਸੇ ਵਾਲੀ ਥਾਂ 'ਤੇ ਇਕੱਠੇ ਹੋਏ ਸਥਾਨਕ ਨਿਵਾਸੀਆਂ ਨੇ ਘਟਨਾ 'ਤੇ ਡੂੰਘੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਰੋਡਵੇਜ਼ ਦੀਆਂ ਬੱਸਾਂ ਅਕਸਰ ਸਵੇਰ ਦੇ ਸਮੇਂ ਬਹੁਤ ਤੇਜ਼ ਰਫ਼ਤਾਰ ਨਾਲ ਚੱਲਦੀਆਂ ਹਨ, ਜਿਸ ਕਾਰਨ ਅਜਿਹੇ ਦਰਦਨਾਕ ਹਾਦਸੇ ਵਾਪਰਦੇ ਹਨ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਰੋਡਵੇਜ਼ ਬੱਸ (ਨੰਬਰ PB31P9697) ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਬੱਸ ਡਰਾਈਵਰ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਇਸ ਹਾਦਸੇ ਨੇ ਸੜਕਾਂ 'ਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਦਾ ਮੁੱਦਾ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ।
Get all latest content delivered to your email a few times a month.