ਤਾਜਾ ਖਬਰਾਂ
ਤਰਨਤਾਰਨ/ਅੰਮ੍ਰਿਤਸਰ, 17 ਅਕਤੂਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਵੀਰਵਾਰ ਨੂੰ ਸੀਬੀਆਈ ਵੱਲੋਂ ਪੰਜਾਬ ਪੁਲਿਸ ਦੇ ਡੀਆਈਜੀ ਦੀ ਗ੍ਰਿਫ਼ਤਾਰੀ ਅਤੇ ਉਸਦੀ ਰਿਹਾਇਸ਼ ਤੋਂ ਪੰਜ ਕਰੋੜ ਰੁਪਏ ਦੀ ਨਕਦੀ ਦੀ ਬਰਾਮਦਗੀ, ਆਮ ਆਦਮੀ ਪਾਰਟੀ ਦੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਪ੍ਰਦਾਨ ਕਰਨ ਸਬੰਧੀ ਦਾਅਵਿਆਂ ਦੇ ਮੂੰਹ 'ਤੇ ਕਰਾਰੀ ਚਪੇੜ ਹੈ।
ਉਨ੍ਹਾਂ ਨੇ ਕਾਂਗਰਸ 'ਤੇ ਨਫ਼ਰਤ ਫੈਲਾਉਣ ਅਤੇ ਲੋਕਾਂ ਨੂੰ ਵੰਡਣ ਦਾ ਦੋਸ਼ ਲਗਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਜਵਾਬ ਦਿੱਤਾ ਹੈ।
ਇਸ ਮੌਕੇ ਮੋਹਾਲੀ ਤੋਂ ਇੱਕ ਡੀਆਈਜੀ ਦੀ ਗ੍ਰਿਫ਼ਤਾਰੀ ਬਾਰੇ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ, ਵੜਿੰਗ ਨੇ ਕਿਹਾ ਕਿ ਇਹ 'ਆਪ' ਸਰਕਾਰ ਦੇ ਪ੍ਰਦਰਸ਼ਨ ਦੀ ਇਕ ਬੁਰੀ ਤਸਵੀਰ ਨੂੰ ਪੇਸ਼ ਕਰਦਾ ਹੈ ਅਤੇ ਇਮਾਨਦਾਰੀ ਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇ ਦਾਅਵਿਆਂ ਦੀ ਹਵਾ ਕੱਢਦਾ ਹੈ।
ਉਨ੍ਹਾਂ ਪੁੱਛਿਆ ਕਿ ਇੱਕ ਡੀਆਈਜੀ ਲਈ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਉਹ ਬਗੈਰ ਕਿਸੇ ਨੂੰ ਭਨਕ ਲੱਗੇ ਇੰਨੀ ਭਾਰੀ ਰਕਮ ਇਕੱਠੀ ਕਰ ਸਕੇ। ਉਨ੍ਹਾਂ ਕਿਹਾ ਕਿ ਡੀਆਈਜੀ ਦੀ ਗ੍ਰਿਫ਼ਤਾਰੀ ਅਤੇ ਉਸ ਤੋਂ ਬਾਅਦ ਹੋਏ ਖੁਲਾਸੇ ਸਿਰਫ਼ ਇਕ ਛੋਟਾ ਜਿਹਾ ਨਮੂਨਾ ਹੈ, ਕਿਉਂਕਿ 'ਆਪ' ਦੇ ਅਧੀਨ ਸ਼ਾਸਨ ਪ੍ਰਣਾਲੀ ਭ੍ਰਿਸ਼ਟਾਚਾਰ ਨਾਲ ਲਿਪਤ ਹੋ ਚੁੱਕੀ ਹੈ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿ ਮੁੱਖ ਮੰਤਰੀ ਮਾਨ ਨੇ ਦੋਸ਼ ਲਗਾਇਆ ਸੀ ਕਿ ਉਹ (ਵੜਿੰਗ) ਨਫ਼ਰਤ ਫੈਲਾ ਰਹੇ ਹਨ ਅਤੇ ਲੋਕਾਂ ਨੂੰ ਵੰਡ ਰਹੇ ਹਨ, ਸੂਬਾ ਕਾਂਗਰਸ ਪ੍ਰਧਾਨ ਨੇ ਜਵਾਬ ਦਿੱਤਾ ਕਿ ਉਹ ਲੋਕਾਂ ਨੂੰ ਉਨ੍ਹਾਂ ਉਮੀਦਵਾਰਾਂ ਨੂੰ ਵੋਟ ਪਾਉਣ ਲਈ ਕਹਿ ਰਹੇ ਹਨ, ਜਿਹੜੇ ਡਾ. ਬੀ.ਆਰ. ਅੰਬੇਡਕਰ ਦੇ ਸੰਵਿਧਾਨ ਦਾ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਨੂੰ ਵੋਟ ਨਾ ਪਾਉਣ ਲਈ ਕਹਿ ਰਹੇ ਹਨ, ਜੋ ਸੰਵਿਧਾਨ ਦਾ ਸਤਿਕਾਰ ਨਹੀਂ ਕਰਦੇ। ਲੋਕ ਉਨ੍ਹਾਂ ਨੂੰ ਵੋਟ ਦੇਣ, ਜਿਹੜੇ ਤਿਰੰਗੇ ਦਾ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਨੂੰ ਵੋਟ ਨਾ ਦਿਓ, ਜਿਹੜੇ ਤਿਰੰਗੇ ਦਾ ਸਤਿਕਾਰ ਨਹੀਂ ਕਰਦੇ। ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਵੋਟ ਨਾ ਦਿਓ ਜੋ ਬੰਦੂਕ ਦੀ ਨੋਕ 'ਤੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਨੂੰ ਵੋਟ ਨਾ ਦਿਓ, ਜਿਹੜੇ ਮੌਕਾਪ੍ਰਸਤ ਅਤੇ ਫਿਰਕੂ ਹਨ ਤੇ ਉਨ੍ਹਾਂ ਨੂੰ ਵੋਟ ਨਾ ਦਿਓ ਜਿਨ੍ਹਾਂ ਨੇ ਹੜ੍ਹਾਂ ਵਾਸਤੇ ਰਾਹਤ ਨਹੀਂ ਦਿੱਤੀ। ਜਿਸ ਬਾਰੇ ਉਨ੍ਹਾਂ ਪੁੱਛਿਆ ਕਿ ਇਸ ਵਿੱਚ ਨਫ਼ਰਤ ਫੈਲਾਉਣ ਜਾਂ ਵੰਡਣ ਵਾਲੀ ਕਿਹੜੀ ਗੱਲ ਹੈ?
ਵੜਿੰਗ ਨੇ ਕਿਹਾ ਕਿ 'ਆਪ' ਸਰਕਾਰ ਹਰ ਪਹਿਲੂ ਵਿੱਚ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ, ਭਾਵੇਂ ਉਹ ਸੂਬੇ ਦੀ ਆਰਥਿਕਤਾ ਹੋਵੇ ਜਾਂ ਫਿਰ ਕਾਨੂੰਨ ਵਿਵਸਥਾ ਜਾਂ ਨਸ਼ਿਆਂ ਨੂੰ ਰੋਕਣ ਬਾਰੇ। ਉਨ੍ਹਾਂ ਜ਼ਿਕਰ ਕੀਤਾ ਕਿ 'ਆਪ' ਦੇ ਸ਼ਾਸਨਕਾਲ ਦੌਰਾਨ ਡਾ. ਅੰਬੇਡਕਰ ਦੇ ਬੁੱਤ ਨੂੰ ਇੰਨੀ ਵਾਰ ਤੋੜਿਆ ਅਤੇ ਅਪਵਿੱਤਰ ਕੀਤਾ ਗਿਆ ਸੀ। ਜਦਕਿ ਪੰਜਾਬ ਵਿੱਚ ਅੱਤਵਾਦ ਦੇ ਸਮੇਂ ਦੌਰਾਨ ਵੀ ਅਜਿਹਾ ਨਹੀਂ ਹੋਇਆ ਸੀ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਕਾਂਗਰਸ ਹੀ ਹੈ, ਜਿਹੜੀ ਲੋਕਾਂ ਅਤੇ ਦੇਸ਼ ਨੂੰ ਇਕਜੁੱਟ ਕਰਦੀ ਹੈ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰੱਖਿਆ ਲਈ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਜਦੋਂ 'ਆਪ' ਦਾ ਜਨਮ ਵੀ ਨਹੀਂ ਹੋਇਆ ਸੀ, ਅਕਾਲੀ ਅਤੇ ਭਾਜਪਾ ਭੱਜ ਗਏ ਸਨ ਤੇ ਕਾਂਗਰਸ ਨੇ ਪੰਜਾਬ ਵਿੱਚ ਸ਼ਾਂਤੀ ਅਤੇ ਹਾਲਾਤ ਸ਼ਾਂਤ ਕਰਨ ਲਈ ਲੜਾਈ ਲੜੀ ਅਤੇ ਇਸਦੀ ਭਾਰੀ ਕੀਮਤ ਚੁਕਾਈ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਕਾਂਗਰਸ ਨੂੰ ਆਪਣੀ ਧਰਮ ਨਿਰਪੱਖਤਾ ਅਤੇ ਦੇਸ਼ ਭਗਤੀ ਦੀ ਸਾਖ ਬਾਰੇ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।
Get all latest content delivered to your email a few times a month.