ਤਾਜਾ ਖਬਰਾਂ
ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਰਾਜ ਪੱਧਰੀ ਸਮਾਗਮਾਂ ਦੀ ਤਿਆਰੀ ਜ਼ੋਰਾਂ 'ਤੇ ਹੈ। ਇਸੇ ਲੜੀ ਤਹਿਤ, ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਅਤੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਚੇਨਈ ਵਿੱਚ ਤਾਮਿਲਨਾਡੂ ਦੇ ਮੁੱਖ ਮੰਤਰੀ ਸ੍ਰੀ ਐਮ.ਕੇ. ਸਟਾਲਿਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਨ੍ਹਾਂ ਇਤਿਹਾਸਕ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਰਸਮੀ ਸੱਦਾ ਦਿੱਤਾ।
ਮਹੀਨਾ ਭਰ ਚੱਲਣਗੇ ਸਮਾਗਮ
ਕੈਬਨਿਟ ਮੰਤਰੀਆਂ ਨੇ ਸ੍ਰੀ ਸਟਾਲਿਨ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਮਹਾਨ ਦਿਹਾੜੇ ਨੂੰ ਅਥਾਹ ਸ਼ਰਧਾ ਨਾਲ ਮਨਾਉਣ ਲਈ ਵਿਸਤ੍ਰਿਤ ਯੋਜਨਾਵਾਂ ਉਲੀਕੀਆਂ ਹਨ। ਉਨ੍ਹਾਂ ਕਿਹਾ ਕਿ ਮਹੀਨਾ ਭਰ ਚੱਲਣ ਵਾਲੇ ਇਨ੍ਹਾਂ ਸਮਾਗਮਾਂ ਦੌਰਾਨ ਗੁਰੂ ਸਾਹਿਬ ਵੱਲੋਂ ਧਾਰਮਿਕ ਆਜ਼ਾਦੀ, ਮਨੁੱਖਤਾ ਦੇ ਮਾਣ-ਸਤਿਕਾਰ ਅਤੇ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਦਿੱਤੀ ਗਈ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਜਾਵੇਗਾ।
ਮੰਤਰੀਆਂ ਨੇ ਦੱਸਿਆ ਕਿ ਸ਼ਹੀਦੀ ਸਮਾਗਮਾਂ ਦੀ ਸ਼ੁਰੂਆਤ 25 ਅਕਤੂਬਰ ਨੂੰ ਦਿੱਲੀ ਦੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿਖੇ ਅਰਦਾਸ ਨਾਲ ਹੋਵੇਗੀ। ਇਸ ਤੋਂ ਬਾਅਦ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ, ਜੋ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਦਰਸਾਉਣਗੇ। ਇਸ ਤੋਂ ਇਲਾਵਾ, ਗੁਰੂ ਸਾਹਿਬ ਜੀ ਦੇ ਚਰਨ ਛੋਹ 130 ਪਾਵਨ ਅਸਥਾਨਾਂ 'ਤੇ ਕੀਰਤਨ ਦਰਬਾਰ ਅਤੇ ਧਾਰਮਿਕ ਸਮਾਗਮ ਹੋਣਗੇ।
ਸ਼੍ਰੀ ਅਨੰਦਪੁਰ ਸਾਹਿਬ 'ਚ ਮੁੱਖ ਸਮਾਗਮ
ਮੰਤਰੀਆਂ ਨੇ ਦੱਸਿਆ ਕਿ ਸ਼੍ਰੀਨਗਰ (ਜੰਮੂ-ਕਸ਼ਮੀਰ) ਅਤੇ ਪੰਜਾਬ ਦੇ ਗੁਰਦਾਸਪੁਰ, ਫ਼ਰੀਦਕੋਟ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਚਾਰ ਵਿਸ਼ਾਲ ਨਗਰ ਕੀਰਤਨ ਰਵਾਨਾ ਹੋਣਗੇ, ਜੋ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਗੇ।
23 ਤੋਂ 25 ਨਵੰਬਰ ਤੱਕ ਹੋਣ ਵਾਲੇ ਮੁੱਖ ਸਮਾਗਮਾਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ, ਸਰਬ-ਧਰਮ ਸੰਮੇਲਨ, ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅਤੇ ਵਿਸ਼ਾਲ ਕੀਰਤਨ ਦਰਬਾਰ ਸ਼ਾਮਲ ਹਨ।
ਰੋਜ਼ਾਨਾ ਆਉਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਦੀ ਰਿਹਾਇਸ਼ ਲਈ 'ਚੱਕ ਨਾਨਕੀ' ਨਾਮੀ ਵਿਸ਼ਾਲ ਟੈਂਟ ਸਿਟੀ ਵੀ ਤਿਆਰ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਸ੍ਰੀ ਐਮ.ਕੇ. ਸਟਾਲਿਨ ਨੇ ਪੰਜਾਬ ਸਰਕਾਰ ਦੀ ਇਸ ਧਾਰਮਿਕ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਸਮਾਗਮਾਂ ਨਾਲ ਦੁਨੀਆਂ ਭਰ ਵਿੱਚ ਏਕਤਾ, ਦਇਆ ਅਤੇ ਸਰਬਸਾਂਝੀਵਾਲਤਾ ਦਾ ਸਦੀਵੀ ਸੰਦੇਸ਼ ਜਾਵੇਗਾ ਅਤੇ ਉਨ੍ਹਾਂ ਸਮਾਗਮਾਂ ਦੀ ਸਫ਼ਲਤਾ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਆਸ ਪ੍ਰਗਟਾਈ ਕਿ ਇਹ ਸਮਾਗਮ ਸਾਰੇ ਦੇਸ਼ ਵਿੱਚ ਗੁਰੂ ਸਾਹਿਬ ਜੀ ਦੇ ਅਮਨ-ਸ਼ਾਂਤੀ, ਬਰਾਬਰੀ ਅਤੇ ਸੱਚਾਈ ਦੇ ਉਪਦੇਸ਼ਾਂ ਦਾ ਪਸਾਰ ਕਰਨ ਦਾ ਅਹਿਮ ਯਤਨ ਸਾਬਿਤ ਹੋਣਗੇ, ਜਿੱਥੇ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸ਼ਰਧਾਲੂ ਪ੍ਰੇਰਨਾ ਲੈਣ ਲਈ ਪਹੁੰਚਣਗੇ।
Get all latest content delivered to your email a few times a month.