ਤਾਜਾ ਖਬਰਾਂ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਯਤਨਾਂ ਸਦਕਾ ਗਾਜ਼ਾ ਪੱਟੀ ਵਿੱਚ ਫਿਲਹਾਲ ਸ਼ਾਂਤੀ ਬਣੀ ਹੋਈ ਨਜ਼ਰ ਆ ਰਹੀ ਹੈ। ਗਾਜ਼ਾ ਸ਼ਾਂਤੀ ਸਮਝੌਤੇ ਦਾ ਪਹਿਲਾ ਪੜਾਅ ਜਾਰੀ ਹੈ, ਪਰ ਇਸ ਦੌਰਾਨ ਕਈ ਗੁੰਝਲਦਾਰ ਸਵਾਲ ਅਜੇ ਵੀ ਬਣੇ ਹੋਏ ਹਨ। ਇਸੇ ਦੌਰਾਨ ਗਾਜ਼ਾ ਵਿੱਚ ਜਨਤਕ ਤੌਰ 'ਤੇ ਲੋਕਾਂ ਨੂੰ ਮਾਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਅਜਿਹੇ ਵਿੱਚ, ਟਰੰਪ ਨੇ ਇੱਕ ਵਾਰ ਫਿਰ ਹਮਾਸ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਹੈ ਕਿ ਜੇ ਗਾਜ਼ਾ ਵਿੱਚ ਹਿੰਸਾ ਜਾਰੀ ਰਹੀ ਤਾਂ ਅਮਰੀਕਾ ਸਿੱਧਾ ਦਖਲ ਦੇਵੇਗਾ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਪੱਸ਼ਟ ਕਿਹਾ ਕਿ ਜੇ ਗ਼ਜ਼ਾ ਵਿੱਚ ਖ਼ੂਨ-ਖਰਾਬਾ ਜਾਰੀ ਰਿਹਾ ਤਾਂ "ਸਾਡੇ ਕੋਲ ਇਸ ਦੇ ਲੜਾਕਿਆਂ ਨੂੰ ਮਾਰਨ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੋਵੇਗਾ।" ਟਰੰਪ ਦੀ ਇਹ ਗੰਭੀਰ ਚੇਤਾਵਨੀ ਉਸ ਸਮੇਂ ਆਈ ਹੈ, ਜਦੋਂ ਉਨ੍ਹਾਂ ਨੇ ਪਿਛਲੇ ਹਫ਼ਤੇ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਖੇਤਰ ਵਿੱਚ ਅੰਦਰੂਨੀ ਹਿੰਸਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਸੀ।
ਇਸ ਤੋਂ ਪਹਿਲਾਂ ਵੀ ਰਾਸ਼ਟਰਪਤੀ ਟਰੰਪ ਹਮਾਸ ਨੂੰ ਚੇਤਾਵਨੀ ਦੇ ਚੁੱਕੇ ਹਨ ਕਿ ਉਨ੍ਹਾਂ ਨੂੰ ਆਪਣੇ ਹਥਿਆਰ ਛੱਡਣੇ ਪੈਣਗੇ। ਟਰੰਪ ਨੇ ਕਿਹਾ ਸੀ ਕਿ ਜੇ ਹਮਾਸ ਅਜਿਹਾ ਨਹੀਂ ਕਰਦਾ ਤਾਂ ਅਮਰੀਕਾ ਕਾਰਵਾਈ ਕਰੇਗਾ। ਉਨ੍ਹਾਂ ਨੇ ਕਿਹਾ ਸੀ ਕਿ ਹਮਾਸ ਤੱਕ ਇਹ ਸੰਦੇਸ਼ ਵਿਚੋਲਿਆਂ ਰਾਹੀਂ ਪਹੁੰਚਾਇਆ ਗਿਆ ਹੈ, "ਜੇ ਉਹ ਹਥਿਆਰ ਨਹੀਂ ਛੱਡਦੇ, ਤਾਂ ਅਸੀਂ ਉਨ੍ਹਾਂ ਦੇ ਹਥਿਆਰ ਛੁਡਵਾਵਾਂਗੇ, ਅਤੇ ਇਹ ਸ਼ਾਇਦ ਜਲਦੀ ਅਤੇ ਹਿੰਸਕ ਤਰੀਕੇ ਨਾਲ ਹੋਵੇਗਾ।"
ਗਾਜ਼ਾ ਸ਼ਾਂਤੀ ਸਮਝੌਤਾ ਸਿਰਫ਼ ਅਸਥਾਈ ਹੱਲ
ਇਹ ਗੱਲ ਧਿਆਨ ਦੇਣ ਯੋਗ ਹੈ ਕਿ ਭਾਵੇਂ ਇਜ਼ਰਾਈਲ ਅਤੇ ਹਮਾਸ ਵਿਚਾਲੇ ਸ਼ਾਂਤੀ ਸਮਝੌਤਾ ਹੋ ਚੁੱਕਾ ਹੈ, ਪਰ ਹਮਾਸ ਦਾ ਨਿਹੱਥਾ ਹੋਣਾ,ਗਾਜ਼ਾ ਦਾ ਸ਼ਾਸਨ ਅਤੇ ਫਲਸਤੀਨ ਨੂੰ ਇੱਕ ਰਾਸ਼ਟਰ ਵਜੋਂ ਮਾਨਤਾ ਦੇਣ ਵਰਗੇ ਗੁੰਝਲਦਾਰ ਮੁੱਦੇ ਅਜੇ ਵੀ ਹੱਲ ਨਹੀਂ ਹੋਏ ਹਨ। ਇਹ ਉਹ ਸਵਾਲ ਹਨ ਜਿਨ੍ਹਾਂ ਦਾ ਜਵਾਬ ਮਿਲਣਾ ਬਾਕੀ ਹੈ। ਅਜਿਹੇ ਵਿੱਚ ਇਹ ਸਪੱਸ਼ਟ ਹੈ ਕਿ ਗਾਜ਼ਾ ਸਮਝੌਤਾ ਫਿਲਹਾਲ ਜੰਗ ਨੂੰ ਰੋਕਣ ਦਾ ਸਿਰਫ਼ ਇੱਕ ਅਸਥਾਈ ਉਪਾਅ ਹੈ। ਯੁੱਧ ਵਿਰਾਮ ਅਤੇ ਲੰਬੇ ਸਮੇਂ ਦੇ ਸ਼ਾਂਤੀ ਸਮਝੌਤੇ ਦੀ 20-ਸੂਤਰੀ ਯੋਜਨਾ ਵਿੱਚ ਹਮਾਸ ਦਾ ਨਿਹੱਥਾ ਹੋਣਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ। ਜੇ ਅਜਿਹਾ ਨਹੀਂ ਹੁੰਦਾ, ਤਾਂ ਗਾਜ਼ਾ ਵਿੱਚ ਇੱਕ ਵਾਰ ਫਿਰ ਜੰਗ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ।
ਜੰਗ ਕਿਉਂ ਸ਼ੁਰੂ ਹੋਈ ਸੀ?
ਹਮਾਸ ਅਤੇ ਇਜ਼ਰਾਈਲ ਵਿਚਕਾਰ ਜੰਗ ਦੀ ਸ਼ੁਰੂਆਤ 7 ਅਕਤੂਬਰ 2023 ਨੂੰ ਹੋਈ ਸੀ, ਜਦੋਂ ਹਮਾਸ ਦੇ ਅੱਤਵਾਦੀਆਂ ਨੇ ਇਜ਼ਰਾਈਲ 'ਤੇ ਹਮਲਾ ਕਰਕੇ 1,200 ਲੋਕਾਂ ਨੂੰ ਮਾਰ ਦਿੱਤਾ ਸੀ ਅਤੇ 251 ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਇਜ਼ਰਾਈਲ ਨੇ ਇਸ ਤੋਂ ਬਾਅਦ ਜਵਾਬੀ ਕਾਰਵਾਈ ਸ਼ੁਰੂ ਕੀਤੀ, ਜਿਸ ਵਿੱਚ 67,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਫਿਲਹਾਲ, ਇਜ਼ਰਾਈਲ ਨੇ ਗ਼ਜ਼ਾ ਵਿੱਚ ਹਮਲੇ ਬੰਦ ਕਰ ਦਿੱਤੇ ਹਨ, ਪਰ ਇਹ ਸ਼ਾਂਤੀ ਕਦੋਂ ਤੱਕ ਬਰਕਰਾਰ ਰਹੇਗੀ, ਇਹ ਦੇਖਣ ਵਾਲੀ ਗੱਲ ਹੋਵੇਗੀ।
Get all latest content delivered to your email a few times a month.