ਤਾਜਾ ਖਬਰਾਂ
ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੀ ਰਿਸ਼ਵਤਖੋਰੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਅੱਜ ਵੱਡਾ ਐਕਸ਼ਨ ਹੋਣ ਵਾਲਾ ਹੈ। ਵੀਰਵਾਰ ਨੂੰ ਸੀ.ਬੀ.ਆਈ. ਵੱਲੋਂ ਗ੍ਰਿਫ਼ਤਾਰ ਕੀਤੇ ਗਏ ਡੀ.ਆਈ.ਜੀ. ਅਤੇ ਉਨ੍ਹਾਂ ਨਾਲ ਫੜੇ ਗਏ ਵਿਚੋਲੀਏ ਨੂੰ ਅੱਜ ਚੰਡੀਗੜ੍ਹ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਕੇਂਦਰੀ ਏਜੰਸੀ ਉਨ੍ਹਾਂ ਦੇ ਰਿਮਾਂਡ ਦੀ ਮੰਗ ਕਰੇਗੀ ਤਾਂ ਜੋ ਇਸ ਮਾਮਲੇ ਦੀਆਂ ਜੜ੍ਹਾਂ ਤੱਕ ਪਹੁੰਚਿਆ ਜਾ ਸਕੇ।
ਡੀ.ਆਈ.ਜੀ. ਭੁੱਲਰ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਵਿਚੋਲੀਏ ਰਾਹੀਂ ਫ਼ਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਸਕਰੈਪ ਦਾ ਕਾਰੋਬਾਰ ਕਰਨ ਵਾਲੇ ਇੱਕ ਵਪਾਰੀ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਰਿਸ਼ਵਤ ਨਾ ਦੇਣ 'ਤੇ, ਕਾਰੋਬਾਰੀ ਨੂੰ ਨਾ ਸਿਰਫ਼ ਝੂਠੇ ਕੇਸਾਂ ਵਿੱਚ ਫਸਾਉਣ ਦੀ ਧਮਕੀ ਦਿੱਤੀ ਗਈ, ਬਲਕਿ ਉਸ ਦੇ ਪੁਰਾਣੇ ਕੇਸ ਵਿੱਚ ਵੀ ਚਾਰਜਸ਼ੀਟ ਦਾਖਲ ਕਰਨ ਦੀ ਗੱਲ ਕਹੀ ਗਈ।
ਕਾਰੋਬਾਰੀ ਵੱਲੋਂ ਸ਼ਿਕਾਇਤ ਮਿਲਣ 'ਤੇ ਸੀ.ਬੀ.ਆਈ. ਨੇ ਜਾਲ ਵਿਛਾਇਆ ਅਤੇ ਕਾਰਵਾਈ ਕਰਦੇ ਹੋਏ ਡੀ.ਆਈ.ਜੀ. ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਗ੍ਰਿਫ਼ਤਾਰੀ ਮਗਰੋਂ ਦਿੱਲੀ ਅਤੇ ਚੰਡੀਗੜ੍ਹ ਤੋਂ ਆਈ 52 ਮੈਂਬਰੀ ਸੀ.ਬੀ.ਆਈ. ਟੀਮ ਨੇ ਉਨ੍ਹਾਂ ਦੇ ਮੋਹਾਲੀ ਦਫ਼ਤਰ ਅਤੇ ਚੰਡੀਗੜ੍ਹ ਦੇ ਸੈਕਟਰ-40 ਸਥਿਤ ਕੋਠੀ 'ਤੇ ਛਾਪਾ ਮਾਰਿਆ। ਤਲਾਸ਼ੀ ਦੌਰਾਨ ਕੋਠੀ ਵਿੱਚੋਂ 7 ਕਰੋੜ ਰੁਪਏ ਦੀ ਬੇਹਿਸਾਬੀ ਨਕਦੀ ਬਰਾਮਦ ਹੋਈ, ਜਿਸ ਨੂੰ ਗਿਣਨ ਲਈ ਤਿੰਨ ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਉਣੀਆਂ ਪਈਆਂ। ਇਸ ਤੋਂ ਇਲਾਵਾ ਡੇਢ ਕਿਲੋ ਸੋਨਾ, ਲਗਜ਼ਰੀ ਘੜੀਆਂ, ਵਿਦੇਸ਼ੀ ਸ਼ਰਾਬ ਅਤੇ ਇੱਕ ਰਿਵਾਲਵਰ ਵੀ ਜ਼ਬਤ ਕੀਤੀ ਗਈ।
ਵੱਡਾ ਨੈੱਟਵਰਕ ਸ਼ੱਕ ਦੇ ਘੇਰੇ ਵਿੱਚ, CBI ਕਰ ਰਹੀ ਜਾਂਚ
2009 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਹਰਚਰਨ ਸਿੰਘ ਭੁੱਲਰ ਦੇ ਪਿਤਾ ਮਹਿਲ ਸਿੰਘ ਭੁੱਲਰ ਸਾਬਕਾ ਡੀ.ਜੀ.ਪੀ. ਰਹਿ ਚੁੱਕੇ ਹਨ। ਸੀ.ਬੀ.ਆਈ. ਨੂੰ ਡੀ.ਆਈ.ਜੀ. ਦੀਆਂ 15 ਜਾਇਦਾਦਾਂ, BMW ਅਤੇ ਮਰਸੀਡੀਜ਼ ਵਰਗੀਆਂ ਲਗਜ਼ਰੀ ਗੱਡੀਆਂ ਦੇ ਦਸਤਾਵੇਜ਼ ਅਤੇ ਬੈਂਕ ਲਾਕਰਾਂ ਦੀਆਂ ਚਾਬੀਆਂ ਵੀ ਮਿਲੀਆਂ ਹਨ।
ਸੀ.ਬੀ.ਆਈ. ਸੂਤਰਾਂ ਅਨੁਸਾਰ, ਇਸ ਰਿਸ਼ਵਤ ਦੇ ਨੈੱਟਵਰਕ ਵਿੱਚ ਕਈ ਹੋਰ ਅਫ਼ਸਰਾਂ ਅਤੇ ਕਰਮਚਾਰੀਆਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ, ਜਿਨ੍ਹਾਂ ਦੇ ਨਾਮ ਕਾਰੋਬਾਰੀ ਨੇ ਲਏ ਹਨ। ਸੀ.ਬੀ.ਆਈ. ਇਸ ਮਾਮਲੇ ਵਿੱਚ ਹੋਰਨਾਂ ਅਧਿਕਾਰੀਆਂ ਦੀ ਸ਼ਮੂਲੀਅਤ ਦੀ ਜਾਂਚ ਕਰ ਰਹੀ ਹੈ।
ਡੀ.ਆਈ.ਜੀ. ਭੁੱਲਰ, ਜੋ 27 ਨਵੰਬਰ 2024 ਨੂੰ ਰੋਪੜ ਰੇਂਜ ਦੇ ਡੀ.ਆਈ.ਜੀ. ਬਣੇ ਸਨ, ਨੇ 15 ਕਰੋੜ ਰੁਪਏ ਦੀ ਜਾਇਦਾਦ ਘੋਸ਼ਿਤ ਕੀਤੀ ਹੋਈ ਹੈ, ਜਿਸ ਵਿੱਚ ਜਲੰਧਰ ਦਾ ਫਾਰਮ ਹਾਊਸ ਵੀ ਸ਼ਾਮਲ ਹੈ। ਸੂਤਰਾਂ ਮੁਤਾਬਕ, ਸੀ.ਬੀ.ਆਈ. ਨੂੰ ਸ਼ੱਕ ਹੈ ਕਿ ਡੀ.ਆਈ.ਜੀ. ਰਿਸ਼ਵਤ ਦਾ ਪੂਰਾ ਹਿਸਾਬ-ਕਿਤਾਬ ਇੱਕ ਗੁਪਤ ਡਾਇਰੀ ਵਿੱਚ ਰੱਖਦੇ ਸਨ, ਜਿਸ ਦੀ ਭਾਲ ਜਾਰੀ ਹੈ। ਇਸ ਗ੍ਰਿਫ਼ਤਾਰੀ ਨੇ ਪੰਜਾਬ ਪੁਲਿਸ ਵਿੱਚ ਹੜਕੰਪ ਮਚਾ ਦਿੱਤਾ ਹੈ।
Get all latest content delivered to your email a few times a month.