ਤਾਜਾ ਖਬਰਾਂ
ਬੈਂਗਲੁਰੂ ਪੁਲਿਸ ਨੇ 29 ਸਾਲਾ ਚਮੜੀ ਰੋਗ ਮਾਹਿਰ ਡਾਕਟਰ ਦੀ ਮੌਤ ਤੋਂ ਲਗਭਗ ਛੇ ਮਹੀਨੇ ਬਾਅਦ ਉਸ ਦੇ ਪਤੀ ਨੂੰ ਹੱਤਿਆ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਵਿਕਟੋਰੀਆ ਹਸਪਤਾਲ ਦੇ 31 ਸਾਲਾ ਗੈਸਟ੍ਰੋ-ਸਰਜਨ ਡਾ. ਮਹਿੰਦਰ ਰੈੱਡੀ ਨੂੰ ਆਪਣੀ ਪਤਨੀ ਡਾ. ਕ੍ਰਿਤਿਕਾ ਐੱਮ. ਰੈੱਡੀ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਕ੍ਰਿਤਿਕਾ ਦੇ ਪਿਤਾ, ਕੇ. ਮੁਨੀਰੈੱਡੀ ਦੀ ਸ਼ਿਕਾਇਤ ਦੇ ਆਧਾਰ 'ਤੇ ਮਰਾਠਾਹੱਲੀ ਪੁਲਿਸ ਨੇ ਕੇਸ ਦਰਜ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਵਿਸਰਾ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਐਨਸਥੀਸੀਆ ਦੀ ਦਵਾਈ ਪ੍ਰੋਪੋਫੋਲ (Propofol) ਦਾ ਓਵਰਡੋਜ਼ ਦਿੱਤਾ ਗਿਆ ਸੀ, ਤਾਂ ਜੋ ਮੌਤ ਨੂੰ ਕੁਦਰਤੀ ਦੱਸਿਆ ਜਾ ਸਕੇ।
ਡਾਕਟਰ ਪਤੀ-ਪਤਨੀ ਬੈਂਗਲੁਰੂ ਦੇ ਗੁੰਜੂਰ ਵਿੱਚ ਰਹਿੰਦੇ ਸਨ। 21 ਅਪ੍ਰੈਲ ਨੂੰ ਕ੍ਰਿਤਿਕਾ ਨੇ ਪੇਟ ਦਰਦ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਮਹਿੰਦਰ ਨੇ ਦਵਾਈਆਂ ਇੰਜੈਕਟ ਕਰਨ ਲਈ ਉਸ ਦੇ ਸੱਜੇ ਪੈਰ ਵਿੱਚ ਇੱਕ ਕੈਨੂਲਾ (Canula) ਪਾਇਆ। ਅਗਲੇ ਦਿਨ, ਕੰਮ 'ਤੇ ਜਾਣ ਤੋਂ ਪਹਿਲਾਂ ਮਹਿੰਦਰ, ਕ੍ਰਿਤਿਕਾ ਨੂੰ ਉਸ ਦੇ ਮਾਪਿਆਂ ਦੇ ਘਰ ਛੱਡ ਗਿਆ ਸੀ।
ਅਗਲੇ ਦਿਨ ਕ੍ਰਿਤਿਕਾ ਨੇ ਪੈਰ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਵਟਸਐਪ 'ਤੇ ਮਹਿੰਦਰ ਤੋਂ ਪੁੱਛਿਆ ਕਿ ਕੀ ਉਹ ਕੈਨੂਲਾ ਹਟਾ ਸਕਦੀ ਹੈ। ਮਹਿੰਦਰ ਨੇ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਇੱਕ ਹੋਰ ਖੁਰਾਕ ਦਰਦ ਨੂੰ ਵਾਪਸ ਆਉਣ ਤੋਂ ਰੋਕ ਦੇਵੇਗੀ। ਉਸੇ ਰਾਤ ਕ੍ਰਿਤਿਕਾ ਨੇ ਮਾਪਿਆਂ ਨਾਲ ਖਾਣਾ ਖਾਧਾ ਅਤੇ ਆਪਣੇ ਕਮਰੇ ਵਿੱਚ ਚਲੀ ਗਈ। ਇਸੇ ਸਮੇਂ ਦੌਰਾਨ ਮਹਿੰਦਰ ਨੇ ਉਸ ਨੂੰ ਆਖਰੀ ਡੋਜ਼ ਦਾ ਟੀਕਾ ਲਗਾਇਆ।
24 ਅਪ੍ਰੈਲ ਨੂੰ ਸਵੇਰੇ 7.30 ਵਜੇ, ਮਹਿੰਦਰ ਨੇ ਆਪਣੀ ਸੱਸ ਨੂੰ ਫੋਨ ਕਰਕੇ ਦੱਸਿਆ ਕਿ ਕ੍ਰਿਤਿਕਾ ਕੋਈ ਪ੍ਰਤੀਕਿਰਿਆ ਨਹੀਂ ਦੇ ਰਹੀ ਹੈ। ਉਸ ਦੇ ਪਿਤਾ ਆਏ ਅਤੇ ਉਸ ਨੂੰ ਬਿਨਾਂ ਹਿੱਲੇ-ਡੁੱਲੇ ਪਾਇਆ। ਉਹ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੋਸਟਮਾਰਟਮ ਰੋਕਣ ਦੀ ਕੋਸ਼ਿਸ਼
ਕ੍ਰਿਤਿਕਾ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਮਹਿੰਦਰ ਨੇ ਮੌਤ ਦੀ ਜਾਂਚ ਪ੍ਰਕਿਰਿਆ ਵਿੱਚ ਅੜਿੱਕਾ ਪਾਉਣ ਦੀ ਕੋਸ਼ਿਸ਼ ਵੀ ਕੀਤੀ। ਉਹ ਪੋਸਟਮਾਰਟਮ ਰੂਮ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਪੁਲਿਸ ਨੇ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਇੱਕ ਰਿਸ਼ਤੇਦਾਰ ਅਨੁਸਾਰ, ਉਨ੍ਹਾਂ ਨੂੰ ਇਹ ਬਹੁਤ ਅਸਾਧਾਰਨ ਲੱਗਾ, ਜਿਸ ਕਾਰਨ ਉਨ੍ਹਾਂ ਨੇ ਫੋਰੈਂਸਿਕ ਜਾਂਚ ਅਤੇ ਵਿਸ਼ਲੇਸ਼ਣ 'ਤੇ ਜ਼ੋਰ ਦਿੱਤਾ।
ਮਹਿੰਦਰ ਦੀ ਆਦਤ ਅਤੇ ਵਿੱਤੀ ਨਿਰਭਰਤਾ
'ਡੈਕਨ ਹੈਰਾਲਡ' ਦੀ ਰਿਪੋਰਟ ਮੁਤਾਬਕ, ਮਹਿੰਦਰ ਅਕਸਰ ਹੱਤਿਆ ਅਤੇ ਅਪਰਾਧ 'ਤੇ ਆਧਾਰਿਤ ਟੀਵੀ ਸੀਰੀਜ਼ ਅਤੇ ਫਿਲਮਾਂ ਦੇਖਦਾ ਸੀ, ਜਿਸ ਤੋਂ ਬਾਅਦ ਉਸ ਦਾ ਵਿਹਾਰ ਬਦਲ ਗਿਆ ਸੀ।
ਮਹਿੰਦਰ ਦੀ ਵਿੱਤੀ ਨਿਰਭਰਤਾ: ਰਿਸ਼ਤੇਦਾਰਾਂ ਮੁਤਾਬਕ, ਮਹਿੰਦਰ ਕ੍ਰਿਤਿਕਾ ਦੇ ਪੈਸਿਆਂ 'ਤੇ ਨਿਰਭਰ ਸੀ। ਉਸ ਨੇ ਆਪਣੇ ਸਹੁਰੇ ਤੋਂ ਉਸ ਲਈ ਇੱਕ ਹਸਪਤਾਲ ਬਣਾਉਣ ਦੀ ਮੰਗ ਕੀਤੀ, ਪਰ ਉਨ੍ਹਾਂ ਨੇ ਉਸ ਨੂੰ ਮਰਾਠਾਹੱਲੀ ਵਿੱਚ ਨਵੇਂ ਕਲੀਨਿਕ ਵਿੱਚ ਕੰਮ ਕਰਕੇ ਪਹਿਲਾਂ ਤਜਰਬਾ ਹਾਸਲ ਕਰਨ ਦੀ ਸਲਾਹ ਦਿੱਤੀ ਸੀ।
ਵਿਆਹ ਤੋਂ ਬਾਅਦ ਵੀ ਚੱਲ ਰਿਹਾ ਸੀ ਅਫੇਅਰ
13 ਅਕਤੂਬਰ ਨੂੰ ਕ੍ਰਿਤਿਕਾ ਦੇ ਪਰਿਵਾਰ ਨੂੰ ਮਹਿੰਦਰ ਦੇ ਅਪਰਾਧ ਦਾ ਪਤਾ ਲੱਗਾ। ਤਿੰਨ ਦਿਨ ਪਹਿਲਾਂ ਪਰਿਵਾਰ ਨੂੰ ਇਹ ਵੀ ਪਤਾ ਲੱਗਾ ਕਿ ਮਹਿੰਦਰ ਦਾ ਮੁੰਬਈ ਵਿੱਚ ਪੋਸਟ-ਗ੍ਰੈਜੂਏਸ਼ਨ ਦੇ ਦਿਨਾਂ ਤੋਂ ਹੀ ਇੱਕ ਔਰਤ ਨਾਲ ਕਥਿਤ ਤੌਰ 'ਤੇ ਰਿਸ਼ਤਾ ਸੀ, ਜੋ ਉਸ ਦੇ ਵਿਆਹ ਤੋਂ ਬਾਅਦ ਵੀ ਜਾਰੀ ਰਿਹਾ। ਹੈਰਾਨੀ ਦੀ ਗੱਲ ਹੈ ਕਿ ਇਹ ਗੱਲ ਮਹਿੰਦਰ ਦੇ ਮਾਪਿਆਂ ਨੂੰ ਪਤਾ ਸੀ।
ਰਿਸ਼ਤੇਦਾਰ ਅਨੁਸਾਰ, ਜਦੋਂ ਕ੍ਰਿਤਿਕਾ ਦੇ ਪਿਤਾ ਨੇ ਹੋਰ ਪੁੱਛਗਿੱਛ ਕੀਤੀ, ਤਾਂ ਪਤਾ ਲੱਗਾ ਕਿ ਮਹਿੰਦਰ ਦੇ ਭਰਾ 'ਤੇ ਧੋਖਾਧੜੀ ਅਤੇ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਮਹਿੰਦਰ ਵੀ ਸਹਿ-ਦੋਸ਼ੀ ਹੈ।
ਪ੍ਰੋਪੋਫੋਲ ਓਵਰਡੋਜ਼: ਮੌਤ ਸੰਭਵ
ਪ੍ਰੋਪੋਫੋਲ ਇੱਕ ਨਸ ਰਾਹੀਂ ਦਿੱਤਾ ਜਾਣ ਵਾਲਾ ਐਨਸਥੀਟਿਕ ਹੈ ਜੋ ਸਰਜਰੀ ਜਾਂ ਬੇਹੋਸ਼ ਕਰਨ ਦੀ ਪ੍ਰਕਿਰਿਆ ਦੌਰਾਨ ਵਰਤਿਆ ਜਾਂਦਾ ਹੈ। ਮਾਹਿਰਾਂ ਅਨੁਸਾਰ, ਇਸ ਦੀ ਓਵਰਡੋਜ਼ ਲੈਣ ਨਾਲ ਬਲੱਡ ਪ੍ਰੈਸ਼ਰ (BP) ਅਤੇ ਦਿਲ ਦੀ ਧੜਕਣ (Heart Rate) ਵਿੱਚ ਗਿਰਾਵਟ ਆ ਸਕਦੀ ਹੈ, ਜਿਸ ਨਾਲ ਮੌਤ ਹੋ ਸਕਦੀ ਹੈ।
Get all latest content delivered to your email a few times a month.