ਤਾਜਾ ਖਬਰਾਂ
ਪੰਜਾਬ ਰਾਜ ਸਭਾ ਦੀ ਜ਼ਿਮਨੀ ਚੋਣ ਨਾਲ ਜੁੜੇ ਇਕ ਵੱਡੇ ਵਿਵਾਦ ਨੇ ਸਿਆਸੀ ਮਾਹੌਲ ਗਰਮ ਕਰ ਦਿੱਤਾ ਹੈ। ਜੈਪੁਰ ਦੇ ਰਹਿਣ ਵਾਲੇ ਨਵਨੀਤ ਚਤੁਰਵੇਦੀ, ਜਿਸ ‘ਤੇ ਆਮ ਆਦਮੀ ਪਾਰਟੀ (ਆਪ) ਦੇ 10 ਵਿਧਾਇਕਾਂ ਦੇ ਕਥਿਤ ਤੌਰ ‘ਤੇ ਜਾਅਲੀ ਦਸਤਖ਼ਤ ਕਰਕੇ ਨਾਮਜ਼ਦਗੀ ਦਾਖ਼ਲ ਕਰਨ ਦਾ ਦੋਸ਼ ਹੈ, ਨੂੰ ਗ੍ਰਿਫ਼ਤਾਰ ਕਰਨ ਲਈ ਰੂਪਨਗਰ ਪੁਲਿਸ ਚੰਡੀਗੜ੍ਹ ਪਹੁੰਚ ਗਈ। ਹਾਲਾਂਕਿ, ਚੰਡੀਗੜ੍ਹ ਪੁਲਿਸ ਨੇ ਨਵਨੀਤ ਚਤੁਰਵੇਦੀ ਨੂੰ ਸੁਰੱਖਿਆ ਮੁਹੱਈਆ ਕਰਵਾਈ, ਜਿਸ ਕਾਰਨ ਦੋਵੇਂ ਪੁਲਿਸ ਵਿਭਾਗਾਂ ਵਿਚਾਲੇ ਤਣਾਅਪੂਰਨ ਹਾਲਾਤ ਬਣ ਗਏ।
ਰੋਪੜ ਸਿਟੀ ਪੁਲਿਸ ਸਟੇਸ਼ਨ ਵਿੱਚ ਚਤੁਰਵੇਦੀ ਵਿਰੁੱਧ ਮਾਮਲਾ ਦਰਜ ਹੋਣ ਤੋਂ ਬਾਅਦ, ਐਸਪੀ ਅਤੇ ਡੀਐਸਪੀ ਰੋਪੜ ਦੀ ਅਗਵਾਈ ਵਿੱਚ ਟੀਮ ਉਸ ਦੀ ਗ੍ਰਿਫ਼ਤਾਰੀ ਲਈ ਚੰਡੀਗੜ੍ਹ ਪੁਲਿਸ ਮੁੱਖ ਦਫ਼ਤਰ ਦੇ ਬਾਹਰ ਪਹੁੰਚ ਗਈ। ਦੋਵਾਂ ਪਾਸਿਆਂ ਵਿਚਾਲੇ ਤਕਰਾਰ ਉਸ ਵੇਲੇ ਹੋਰ ਵਧ ਗਈ ਜਦੋਂ ਨਵਨੀਤ ਦੀ ਗੱਡੀ ਪੰਜਾਬ ਵਿਧਾਨ ਸਭਾ ਤੋਂ ਨਿਕਲਣ ‘ਤੇ ਰੋਪੜ ਪੁਲਿਸ ਨੇ ਸੁਖਨਾ ਲੇਕ ਨੇੜੇ ਚੰਡੀਗੜ੍ਹ ਪੁਲਿਸ ਦੀ ਗੱਡੀ ਨੂੰ ਘੇਰ ਲਿਆ ਅਤੇ ਉਸ ਨੂੰ ਹਿਰਾਸਤ ‘ਚ ਲੈਣ ਦੀ ਕੋਸ਼ਿਸ਼ ਕੀਤੀ। ਕਈ ਮਿੰਟ ਤਕ ਦੋਵੇਂ ਧਿਰਾਂ ਵਿਚਾਲੇ ਬਹਿਸਬਾਜ਼ੀ ਜਾਰੀ ਰਹੀ।
ਨਵਨੀਤ ਚਤੁਰਵੇਦੀ ਉੱਤੇ ਦੋਸ਼ ਹੈ ਕਿ ਉਸ ਨੇ ਰਾਜ ਸਭਾ ਚੋਣ ਲਈ ਨਾਮਜ਼ਦਗੀ ਦਾਖ਼ਲ ਕਰਦਿਆਂ ਵਿਧਾਇਕਾਂ ਦੇ ਜਾਅਲੀ ਦਸਤਖ਼ਤ ਤੇ ਮੋਹਰਾਂ ਦੀ ਵਰਤੋਂ ਕੀਤੀ। ਉਸ ਨੇ ਆਪਣੇ ਆਪ ਨੂੰ “ਜਨਤਾ ਪਾਰਟੀ ਦਾ ਰਾਸ਼ਟਰੀ ਪ੍ਰਧਾਨ” ਦੱਸਦਿਆਂ ਇਹ ਧੋਖਾਧੜੀ ਕੀਤੀ। ਚੋਣ ਅਧਿਕਾਰੀਆਂ ਨੇ ਜਾਂਚ ਤੋਂ ਬਾਅਦ ਉਸ ਦੇ ਕਾਗਜ਼ ਰੱਦ ਕਰ ਦਿੱਤੇ ਹਨ। ਚਤੁਰਵੇਦੀ ਦਾ ਕਹਿਣਾ ਹੈ ਕਿ ਉਹ ਇਸ ਫੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦੇਣਗੇ।
ਰਾਜ ਸਭਾ ਜ਼ਿਮਨੀ ਚੋਣਾਂ ਲਈ 6 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਹੋਈ ਸੀ। ਨਾਮਜ਼ਦਗੀ ਦੀ ਆਖਰੀ ਤਾਰੀਖ 13 ਅਕਤੂਬਰ ਸੀ, ਜਦਕਿ ਕਾਗਜ਼ਾਂ ਦੀ ਜਾਂਚ 14 ਅਕਤੂਬਰ ਨੂੰ ਹੋ ਰਹੀ ਹੈ। ਉਮੀਦਵਾਰ 16 ਅਕਤੂਬਰ ਤੱਕ ਆਪਣੀ ਨਾਮਜ਼ਦਗੀ ਵਾਪਸ ਲੈ ਸਕਦੇ ਹਨ। ਵੋਟਿੰਗ 24 ਅਕਤੂਬਰ ਨੂੰ ਹੋਵੇਗੀ ਅਤੇ ਇਸੇ ਦਿਨ ਗਿਣਤੀ ਵੀ ਹੋਣੀ ਹੈ। ਨਵਨੀਤ ਚਤੁਰਵੇਦੀ ਦੇ ਮਾਮਲੇ ਨੇ ਚੋਣ ਪ੍ਰਕਿਰਿਆ ਨੂੰ ਲੈ ਕੇ ਸਿਆਸੀ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ।
Get all latest content delivered to your email a few times a month.