ਤਾਜਾ ਖਬਰਾਂ
ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਖਾਨ ਸਾਬ੍ਹ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਕਰੀਬ 19 ਦਿਨ ਪਹਿਲਾਂ ਮਾਤਾ ਦੇ ਦਿਹਾਂਤ ਤੋਂ ਬਾਅਦ ਅੱਜ ਉਨ੍ਹਾਂ ਦੇ ਪਿਤਾ ਨੂੰ ਵੀ ਅੰਤਿਮ ਵਿਦਾਇਗੀ ਦੇ ਦਿੱਤੀ ਗਈ। ਅੱਜ, ਮੁਸਲਿਮ ਰੀਤੀ-ਰਿਵਾਜਾਂ ਅਨੁਸਾਰ ਪਿੰਡ ਭੰਡਾਲ ਦੋਨਾਂ ਦੇ ਸ਼ਮਸ਼ਾਨਘਾਟ ਵਿੱਚ ਖਾਨ ਸਾਬ੍ਹ ਦੇ ਪਿਤਾ ਦੀ ਆਖਰੀ ਨਮਾਜ਼ ਪੜ੍ਹੀ ਗਈ ਅਤੇ ਉਨ੍ਹਾਂ ਨੂੰ ਸਪੁਰਦ-ਏ-ਖਾਕ ਕੀਤਾ ਗਿਆ।
ਇਸ ਦੌਰਾਨ, ਖਾਨ ਸਾਬ੍ਹ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਨਿਭਾਉਂਦੇ ਸਮੇਂ ਬਹੁਤ ਭਾਵੁਕ ਹੋ ਗਏ। ਉਹ ਕਬਰ ਵਿੱਚ ਖੜ੍ਹੇ ਹੋਏ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਵਹਿ ਤੁਰੇ।
ਮਾਂ-ਪਿਓ ਨੂੰ ਬਿਰਧ ਆਸ਼ਰਮ ਨਾ ਭੇਜਣ ਦੀ ਭਾਵੁਕ ਅਪੀਲ
ਦੁੱਖ ਦੇ ਇਸ ਪਲ ਵਿੱਚ, ਖਾਨ ਸਾਬ੍ਹ ਨੇ ਆਪਣੇ ਪਿਤਾ ਦੀ ਕਬਰ ਵਿੱਚ ਖੜ੍ਹੇ ਹੋ ਕੇ ਇੱਕ ਭਾਵਨਾਤਮਕ ਸੰਦੇਸ਼ ਦਿੱਤਾ। ਉਨ੍ਹਾਂ ਨੇ ਭਾਵੁਕ ਹੁੰਦਿਆਂ ਸਭ ਨੂੰ ਅਪੀਲ ਕੀਤੀ ਕਿ ਉਹ ਕਦੇ ਵੀ ਆਪਣੇ ਮਾਤਾ-ਪਿਤਾ ਨੂੰ ਬਿਰਧ ਆਸ਼ਰਮ (ਓਲਡ ਏਜ ਹੋਮ) ਵਿੱਚ ਨਾ ਭੇਜਣ। ਉਨ੍ਹਾਂ ਦੱਸਿਆ ਕਿ ਪਹਿਲਾਂ 19 ਦਿਨ ਪਹਿਲਾਂ ਮਾਂ ਚਲੀ ਗਈ ਅਤੇ ਹੁਣ 19 ਦਿਨਾਂ ਬਾਅਦ ਪਿਤਾ ਵੀ ਇਸ ਦੁਨੀਆ ਨੂੰ ਛੱਡ ਗਏ। ਉਨ੍ਹਾਂ ਨੇ ਭਾਰੀ ਮਨ ਨਾਲ ਕਿਹਾ ਕਿ ਮਾਪੇ ਹੀ ਉਹ ਹਸਤੀਆਂ ਹਨ ਜਿਨ੍ਹਾਂ ਨੇ ਸਾਨੂੰ ਇਹ ਦੁਨੀਆ ਦਿਖਾਈ ਅਤੇ ਜਿਨ੍ਹਾਂ ਦੀਆਂ ਦੁਆਵਾਂ ਸਦਕਾ ਅਸੀਂ ਨਾਮਣਾ ਖੱਟਿਆ ਹੈ। ਇਸ ਲਈ, ਕਦੇ ਵੀ ਉਨ੍ਹਾਂ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ।
ਗਾਇਕ ਨੇ ਭਾਵੁਕਤਾ ਵਿੱਚ ਆਪਣੇ ਦੁੱਖ ਨੂੰ ਬਿਆਨ ਕਰਦਿਆਂ ਕਿਹਾ, "ਸਾਨੂੰ ਪੁੱਛੋ ਜਦੋਂ ਸਾਡੇ ਮਾਤਾ-ਪਿਤਾ ਸਾਨੂੰ ਦੋ ਭਰਾਵਾਂ ਨੂੰ ਇਕੱਲਿਆਂ ਛੱਡ ਕੇ ਚਲੇ ਗਏ।" ਉਨ੍ਹਾਂ ਮੰਨਿਆ ਕਿ ਹਰ ਬੱਚੇ ਨੂੰ ਮਾਪਿਆਂ ਦੇ ਜਾਣ ਦਾ ਦੁੱਖ ਹੁੰਦਾ ਹੈ, "ਮੈਨੂੰ ਵੀ ਹੈ ਅਤੇ ਮੈਂ ਵੀ ਘਬਰਾ ਗਿਆ ਹਾਂ ਅਤੇ ਘਬਰਾਵਾਂ ਕਿਉਂ ਨਾ? ਮੇਰਾ ਰਹਿ ਕੀ ਗਿਆ ਹੈ।"
ਪਿਤਾ ਨੇ ਪਹਿਲਾਂ ਹੀ ਪ੍ਰਗਟਾਈ ਸੀ ਆਖਰੀ ਇੱਛਾ
ਖਾਨ ਸਾਬ੍ਹ ਦੇ ਇੱਕ ਰਿਸ਼ਤੇਦਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਗਾਇਕ ਦੇ ਪਿਤਾ ਨੂੰ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਸੀ ਕਿ ਉਹ ਜਿਸ ਦਿਨ ਵੀ ਇਸ ਦੁਨੀਆ ਤੋਂ ਜਾਣਗੇ, ਉਨ੍ਹਾਂ ਨੂੰ ਆਪਣੀ ਪਤਨੀ (ਖਾਨ ਸਾਬ੍ਹ ਦੀ ਮਾਤਾ ਜੀ) ਦੀ ਕਬਰ ਦੇ ਬਿਲਕੁਲ ਬਰਾਬਰ ਦਫਨਾਇਆ ਜਾਵੇ। ਇਹ ਇੱਛਾ ਉਨ੍ਹਾਂ ਨੇ ਆਪਣੇ ਭਰਾ ਦੀਆਂ ਬੇਟੀਆਂ ਨਾਲ ਦੋ ਦਿਨ ਪਹਿਲਾਂ ਹੀ ਸਾਂਝੀ ਕੀਤੀ ਸੀ, ਜਿਸ ਨੂੰ ਅੱਜ ਪੂਰਾ ਕੀਤਾ ਗਿਆ।
Get all latest content delivered to your email a few times a month.