ਤਾਜਾ ਖਬਰਾਂ
ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਇਲਾਕੇ ਤੋਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਸਮਾਜਿਕ ਤਾਣੇ-ਬਾਣੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਬਰ-ਜ਼ਨਾਹ ਦੀ ਸ਼ਿਕਾਰ ਹੋਈ ਇੱਕ ਨਾਬਾਲਗ ਕੁੜੀ ਨੇ ਹਾਲ ਹੀ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ, ਜਿਸ ਤੋਂ ਬਾਅਦ 9 ਮਹੀਨੇ ਪੁਰਾਣੇ ਇਸ ਦਰਦਨਾਕ ਰਾਜ਼ ਦਾ ਖੁਲਾਸਾ ਹੋਇਆ।
ਘਟਨਾ ਬਾਰੇ ਮਿਲੀ ਜਾਣਕਾਰੀ ਅਨੁਸਾਰ, ਨਾਬਾਲਗ ਲੜਕੀ ਨੂੰ ਪਿੰਡ ਦੇ ਹੀ ਦੋ ਨੌਜਵਾਨਾਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। ਦੋਸ਼ ਹੈ ਕਿ ਦੋਵਾਂ ਨੇ ਡਰ ਅਤੇ ਧਮਕੀਆਂ ਦੇ ਜ਼ੋਰ 'ਤੇ ਲੜਕੀ ਨੂੰ ਮਜਬੂਰ ਕੀਤਾ, ਜਿਸ ਕਾਰਨ ਉਹ ਡਰਦੀ ਹੋਈ ਪਰਿਵਾਰ ਨੂੰ ਵੀ ਇਸ ਬਾਰੇ ਨਹੀਂ ਦੱਸ ਸਕੀ।
ਫਰਵਰੀ ਦੀ ਘਟਨਾ, ਹਸਪਤਾਲ ਵਿੱਚ ਹੋਇਆ ਖੁਲਾਸਾ
ਲਹਿਰਾਗਾਗਾ ਦੇ ਡੀ.ਐੱਸ.ਪੀ. ਦੀਪਇੰਦਰ ਸਿੰਘ ਜੇਜੀ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਇਹ ਦਰਦਨਾਕ ਘਟਨਾ ਫਰਵਰੀ 2025 ਦੀ ਹੈ। ਪੀੜਤ ਕੁੜੀ, ਜਿਸ ਦੀ ਉਮਰ ਉਸ ਸਮੇਂ ਕਰੀਬ 16 ਸਾਲ ਸੀ, ਘਰ ਵਿੱਚ ਇਕੱਲੀ ਸੀ।
ਰਿਪੋਰਟ ਅਨੁਸਾਰ, ਕਰੀਬ 21-22 ਸਾਲ ਦੇ ਦੋ ਨੌਜਵਾਨ ਘਰ ਵਿੱਚ ਜ਼ਬਰਦਸਤੀ ਦਾਖਲ ਹੋਏ ਅਤੇ ਲੜਕੀ ਨੂੰ ਫੜ ਕੇ ਬਰਾਂਡੇ ਵਿੱਚ ਲੈ ਗਏ, ਜਿੱਥੇ ਉਨ੍ਹਾਂ ਨੇ ਜਬਰ-ਜ਼ਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। 11 ਅਕਤੂਬਰ ਨੂੰ ਜਦੋਂ ਪੀੜਤਾ ਨੂੰ ਪੇਟ ਦਰਦ ਕਾਰਨ ਸੰਗਰੂਰ ਦੇ ਹਸਪਤਾਲ ਲਿਜਾਇਆ ਗਿਆ, ਤਾਂ ਉੱਥੇ ਉਸਨੇ ਇੱਕ ਮੁੰਡੇ ਨੂੰ ਜਨਮ ਦਿੱਤਾ, ਜਿਸ ਨਾਲ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਆ ਗਈ।
ਪੁਲਿਸ ਨੇ ਤੇਜ਼ ਕੀਤੀ ਦੋਸ਼ੀਆਂ ਦੀ ਭਾਲ
ਲਹਿਰਾ ਪੁਲਿਸ ਨੇ ਨਾਬਾਲਗ ਦੇ ਬਿਆਨਾਂ ਦੇ ਆਧਾਰ 'ਤੇ ਤੁਰੰਤ ਕੇਸ ਦਰਜ ਕਰ ਲਿਆ ਹੈ। ਡੀ.ਐੱਸ.ਪੀ. ਨੇ ਦੱਸਿਆ ਕਿ ਦੋਸ਼ੀ ਅਜੇ ਫਰਾਰ ਹਨ, ਪਰ ਪੁਲਿਸ ਉਨ੍ਹਾਂ ਦੀ ਸ਼ਨਾਖਤ ਅਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦ ਹੀ ਦੋਸ਼ੀਆਂ ਨੂੰ ਕਾਨੂੰਨ ਦੇ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ ਅਤੇ ਪਰਿਵਾਰ ਨੂੰ ਇਨਸਾਫ਼ ਮਿਲੇਗਾ।
Get all latest content delivered to your email a few times a month.