ਤਾਜਾ ਖਬਰਾਂ
ਡਿਪਟੀ ਕਮਿਸ਼ਨਰ ਸ਼੍ਰੀ ਦਲਵਿੰਦਰਜੀਤ ਸਿੰਘ ਦੀਆਂ ਹਦਾਇਤਾਂ ਅਧੀਨ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਰਾਲੀ ਨਾ ਸਾੜਨ ਲਈ ਵਿਸਤ੍ਰਿਤ ਜਾਗਰੂਕਤਾ ਮੁਹਿੰਮ ਚੱਲ ਰਹੀ ਹੈ। ਇਸ ਮੁਹਿੰਮ ਅਧੀਨ ਸਕੂਲ ਆਫ਼ ਐਮੀਨੈੱਸ, ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਵਿਦਿਆਰਥੀਆਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਡਾ. ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜਨਰਲ), ਗੁਰਦਾਸਪੁਰ ਨੇ ਦੱਸਿਆ ਕਿ ਜਿਥੇ ਇਕ ਪਾਸੇ ਅਧਿਕਾਰੀ ਟੀਮਾਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰ ਰਹੀਆਂ ਹਨ, ਉਥੇ ਹੀ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਇਸ ਬਾਰੇ ਸਿੱਖਿਆ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਆਪ ਵੀ ਜਾਗਰੂਕ ਹੋਣ ਅਤੇ ਆਪਣੇ ਪਰਿਵਾਰਾਂ ਨੂੰ ਵੀ ਜਾਗਰੂਕ ਕਰ ਸਕਣ।
ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਮਿੱਟੀ ਦੇ ਮਹੱਤਵਪੂਰਨ ਪੋਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਮਿੱਟੀ ਵਿੱਚ ਮੌਜੂਦ ਮਦਦਗਾਰ ਬੈਕਟੀਰੀਆ ਮਰ ਜਾਂਦੇ ਹਨ, ਜੋ ਕਿ ਫਸਲ ਦੇ ਵਾਧੇ ਲਈ ਬਹੁਤ ਜ਼ਰੂਰੀ ਹੁੰਦੇ ਹਨ। ਇਸ ਕਰਕੇ ਕਿਸਾਨਾਂ ਨੂੰ ਅਗਲੇ ਸੀਜ਼ਨ ਵੱਧ ਖਾਦਾਂ ਦੀ ਵਰਤੋਂ ਕਰਨੀ ਪੈਂਦੀ ਹੈ, ਜਿਸ ਨਾਲ ਖੇਤੀਬਾੜੀ ਦੀ ਲਾਗਤ ਵਧਦੀ ਹੈ।
ਉਨ੍ਹਾਂ ਨੇ ਕਿਹਾ ਕਿ ਅੱਗ ਲਗਾਉਣ ਨਾਲ ਨਿਰੰਤਰ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਜਿਸ ਨਾਲ ਸਾਹ ਦੀਆਂ ਬਿਮਾਰੀਆਂ, ਅੱਖਾਂ ਦੀ ਚੁੱਬਣ ਅਤੇ ਹੋਰ ਸਿਹਤ ਸੰਬੰਧੀ ਸਮੱਸਿਆਵਾਂ ਵਿੱਚ ਵਾਧਾ ਹੁੰਦਾ ਹੈ। ਇਸ ਦਾ ਬੁਰਾ ਪ੍ਰਭਾਵ ਨਾ ਸਿਰਫ਼ ਮਨੁੱਖੀ ਜੀਵਨ 'ਤੇ ਪੈਂਦਾ ਹੈ, ਸਗੋਂ ਪਸ਼ੂ-ਪੰਛੀਆਂ ਅਤੇ ਹੋਰ ਜੀਵਾਂ ਦੀ ਜਿੰਦਗੀ ਵੀ ਪ੍ਰਭਾਵਿਤ ਹੁੰਦੀ ਹੈ।
ਉਨ੍ਹਾਂ ਨੇ ਅਪੀਲ ਕੀਤੀ ਕਿ ਬੱਚਿਆਂ ਦੇ ਸਿਹਤਮੰਦ ਭਵਿੱਖ ਅਤੇ ਬਜ਼ੁਰਗਾਂ ਦੀ ਭਲਾਈ ਲਈ ਪਰਾਲੀ ਸਾੜਨ ਦੀ ਬਜਾਏ ਇਸ ਦੇ ਵਿਕਲਪਿਕ ਉਪਾਅ ਜਿਵੇਂ ਕਿ ਪਰਾਲੀ ਪ੍ਰਬੰਧਨ ਮਸ਼ੀਨਾਂ ਦਾ ਇਸਤੇਮਾਲ, ਕੰਪੋਸਟ ਬਣਾਉਣਾ, ਜਾਂ ਬਾਇਓ-ਫਿਊਲ ਉਤਪਾਦਨ ਲਈ ਵਰਤਣਾ ਵਰਤੇ ਜਾਣ।
Get all latest content delivered to your email a few times a month.