IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਵਿਓਪਾਰ, ਮੁੱਖ ਮੰਤਰੀ ਵੱਲੋਂ ਖੇਤੀਬਾੜੀ ਨੂੰ ਲਾਹੇਵੰਦਾ ਬਣਾਉਣ ਲਈ ਪੰਜਾਬ ਤੇ...

ਮੁੱਖ ਮੰਤਰੀ ਵੱਲੋਂ ਖੇਤੀਬਾੜੀ ਨੂੰ ਲਾਹੇਵੰਦਾ ਬਣਾਉਣ ਲਈ ਪੰਜਾਬ ਤੇ ਅਰਜਨਟੀਨਾ ਵਿਚਾਲੇ ਆਪਸੀ ਸਹਿਯੋਗ ਵਧਾਉਣ ਦੀ ਵਕਾਲਤ

Admin User - Oct 13, 2025 05:15 PM
IMG

ਅਰਜਨਟੀਨਾ ਦੇ ਵਫ਼ਦ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ, ਆਧੁਨਿਕ ਖੇਤੀਬਾੜੀ ਜੁਗਤਾਂ ਵਿੱਚ ਦਿਖਾਈ ਰੁਚੀ

ਚੰਡੀਗੜ੍ਹ, 13 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਪੰਜਾਬ ਤੇ ਅਰਜਨਟੀਨਾ ਵਿਚਾਲੇ ਆਪਸੀ ਸਹਿਯੋਗ ਵਧਾਉਣ ਦੀ ਵਕਾਲਤ ਕੀਤੀ।

ਅਰਜਨਟੀਨਾ ਦੇ ਸੈਂਟਰੋ ਐਗਰੋਟੈਕਨੀਕੋ ਰੀਜਨਲ ਦੇ ਵਫ਼ਦ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਖ਼ੁਸ਼ੀ ਦੀ ਗੱਲ ਹੈ ਕਿ ਇਸ ਵੱਕਾਰੀ ਸੰਸਥਾ ਦਾ ਸਟਾਫ਼ ਤੇ ਵਿਦਿਆਰਥੀ 8 ਤੋਂ 17 ਅਕਤੂਬਰ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੌਰੇ ਉੱਤੇ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਅਰਜਨਟੀਨਾ ਦੇ ਅਰਥਚਾਰੇ ਵਿੱਚ ਖੇਤੀਬਾੜੀ ਦਾ ਅਹਿਮ ਸਥਾਨ ਹੈ, ਖ਼ਾਸ ਤੌਰ ਉੱਤੇ ਪਸ਼ੂ-ਪਾਲਣ ਅਤੇ ਅਨਾਜ ਉਤਪਾਦਨ ਨਾਲ ਅਰਜਨਟੀਨਾ ਵਿਸ਼ਵ ਦੇ ਮੋਹਰੀ ਖੁਰਾਕ ਉਤਪਾਦਕਾਂ ਵਿੱਚ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਪਣੀਆਂ ਸੰਸਥਾਵਾਂ ਵਿੱਚ ਖੇਤੀਬਾੜੀ ਦੇ ਵਿਸ਼ੇ ਬਾਰੇ ਪੜ੍ਹਾਈ ਕਰ ਰਹੇ ਇਹ ਵਿਦਿਆਰਥੀ ਪੰਜਾਬ ਵਿੱਚ ਚੱਲ ਰਹੀਆਂ ਆਧੁਨਿਕ ਖੇਤੀਬਾੜੀ ਜੁਗਤਾਂ ਬਾਰੇ ਜਾਣਨ ਲਈ ਇੱਥੇ ਆਏ ਹਨ।

ਮੁੱਖ ਮੰਤਰੀ ਨੇ ਅਰਜਨਟੀਨਾ ਤੇ ਪੰਜਾਬ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਸਹਿਯੋਗ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਇਹ ਦੋਵਾਂ ਖਿੱਤਿਆਂ ਲਈ ਲਾਹੇਵੰਦ ਹੋਵੇਗਾ ਕਿਉਂਕਿ ਖੇਤੀਬਾੜੀ ਦੋਵਾਂ ਖਿੱਤਿਆਂ ਦੇ ਅਰਥਚਾਰੇ ਦਾ ਅਹਿਮ ਪਹਿਲੂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਅਰਜਨਟੀਨਾ ਦੋਵੇਂ ਖਿੱਤੇ ਦੁਵੱਲੇ ਆਪਸੀ ਸਹਿਯੋਗ ਨੂੰ ਹੁਲਾਰਾ ਦੇਣ ਲਈ ਖੇਤੀਬਾੜੀ ਦੇ ਖ਼ੇਤਰ ਵਿੱਚ ਮਿਲ ਕੇ ਕੰਮ ਕਰ ਸਕਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਜਾਣ ਕੇ ਖ਼ੁਸ਼ੀ ਹੋਈ ਕਿ ਅਰਜਨਟੀਨਾ ਤੋਂ ਵਫ਼ਦ ਹਰੇਕ ਸਾਲ ਵਿੱਦਿਅਕ ਟੂਰ ਉੱਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕਰਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਦਾ ਵਫ਼ਦ ਵੀ ਹਰੇਕ ਸਾਲ ਅਰਜਨਟੀਨਾ ਦਾ ਦੌਰਾ ਕਰਦਾ ਹੈ ਤਾਂ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਖੇਤੀਬਾੜੀ ਖ਼ੇਤਰ ਵਿੱਚ ਆਪਣੀ ਮੁਹਾਰਤ ਨੂੰ ਨਿਖ਼ਾਰ ਸਕਣ। ਉਨ੍ਹਾਂ ਕਿਹਾ ਕਿ ਅਰਜਨਟੀਨਾ ਤੇ ਪੰਜਾਬ ਵਿੱਚ ਖੇਤੀਬਾੜੀ ਨਾਲ ਸਬੰਧਤ ਸਮੱਸਿਆਵਾਂ ਤੇ ਹੱਲ ਇਕੋ ਜਿਹੇ ਹਨ। ਉਨ੍ਹਾਂ ਉਮੀਦ ਜਤਾਈ ਕਿ ਦੁਵੱਲਾ ਸਹਿਯੋਗ ਖੇਤੀਬਾੜੀ ਨੂੰ ਲਾਹੇਵੰਦਾ ਬਣਾਉਣ ਵੱਲ ਵੱਡੀ ਪੁਲਾਂਘ ਹੋਵੇਗਾ। ਭਗਵੰਤ ਸਿੰਘ ਮਾਨ ਨੇ ਵਫ਼ਦ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਬਾਰੇ ਜਾਣੂੰ ਕਰਵਾਇਆ ਅਤੇ ਉਮੀਦ ਜਤਾਈ ਕਿ ਉਨ੍ਹਾਂ ਨੂੰ ਆਪਣੇ ਦੌਰੇ ਦੌਰਾਨ ਇਸ ਦੀ ਝਲਕ ਦਿਸੇਗੀ।

ਇਸ ਦੌਰਾਨ ਜਨਰਲ ਕੋਆਰਡੀਨੇਟਰ ਆਫ਼ ਪ੍ਰੈਕਟੀਕਲ ਐਕਟੀਵਿਟੀ ਹੂਬਰ ਕੈਟਾਲਿਨਾ ਫੇਲੀਸਾ, ਇੰਸਟ੍ਰਕਟਰ/ਅਧਿਆਪਕ ਕਸਾਲ ਯੁਆਨ ਪਾਬਲੋ, ਅਧਿਆਪਕ ਇਗਨਾਸੀਓ ਇਸਤੇਬਾਨ, ਵਿਦਿਆਰਥੀ ਕਿਆਰਾ ਅਮਾਇਰਾ ਵਿਕਟੋਰੀਆ, ਵਿਦਿਆਰਥੀ ਟਿਆਗੋ ਇਲੂਨੀ ਅਰਨੈਸਟੋ, ਮੈਹਫੁਡ ਟੇਰੇ ਸੈਂਟੀਆਗੋ ਅਤੇ ਹੋਰਾਂ ਨੇ ਪੰਜਾਬ ਵਿੱਚ ਨਿੱਘੀ ਮਹਿਮਾਨਨਿਵਾਜ਼ੀ ਲਈ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ। ਆਪਣੇ ਦੌਰੇ ਨੂੰ ਵਿਲੱਖਣ ਤਜਰਬਾ ਦੱਸਦਿਆਂ ਵਫ਼ਦ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਦੌਰੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ।

ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ, ਡਾਇਰੈਕਟਰ ਸਟੂਡੈਂਟਸ ਵੈਲਫੇਅਰ ਡਾ. ਨਿਰਮਲ ਜੌੜਾ, ਐਸੋਸੀਏਟ ਡਾਇਰੈਕਟਰ ਡਾ. ਵਿਸ਼ਾਲ ਬੈਕਟਰ, ਹੈੱਡ ਆਫ਼ ਦਿ ਡਿਪਾਰਟਮੈਂਟ ਰਿਸੋਰਸ ਮੈਨੇਜਮੈਂਟ ਅਤੇ ਕੰਜਿਊਮਰ ਸਾਇੰਸ ਡਾ. ਸ਼ਰਨਬੀਰ ਕੌਰ ਬੱਲ ਤੇ ਹੋਰ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.