ਤਾਜਾ ਖਬਰਾਂ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹਰਿਆਣਾ ਦੇ ਆਈ.ਪੀ.ਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਵਾਲੀ ਘਟਨਾ 'ਤੇ ਗੰਭੀਰ ਚਿੰਤਾ ਜਤਾਉਂਦਿਆਂ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦਾ ਸਰਬਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਹਰ ਕਿਸਮ ਦੇ ਜਾਤੀਵਾਦ ਅਤੇ ਵਿਤਕਰੇ ਦੇ ਪੂਰਨ ਵਿਰੋਧ ਵਿੱਚ ਖੜ੍ਹਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਇਹ ਘਟਨਾ ਦੇਸ਼ ਅੰਦਰ ਸਦੀਆਂ ਤੋਂ ਚੱਲਦੇ ਆ ਰਹੇ ਜਾਤੀਅਧਾਰਿਤ ਵਿਤਕਰੇ ਦੀ ਸਾਫ਼ ਝਲਕ ਹੈ ਅਤੇ ਇਹ ਸਮਾਂ ਹੈ ਕਿ ਸਮਾਜ ਮਾਨਸਿਕ ਤੌਰ 'ਤੇ ਇਸ ਪ੍ਰਣਾਲੀ ਤੋਂ ਮੁਕਤੀ ਲਈ ਕਦਮ ਚੁੱਕੇ। ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਅਨੁਸਾਰ ਸਮੂਹ ਮਨੁੱਖਤਾ ਬਰਾਬਰ ਹੈ ਅਤੇ ਅੱਜ ਦੇ ਯੁੱਗ ਵਿੱਚ ਵੀ ਜਾਤੀਵਾਦ ਦੇ ਮਾਮਲੇ ਸਾਹਮਣੇ ਆਉਣ ਬੇਹੱਦ ਦੁੱਖਦਾਈ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਿੱਖ ਗੁਰੂ ਸਾਹਿਬਾਨ ਦੀ ਧਰਤੀ ਹੈ, ਜਿੱਥੇ ਗੁਰੂਆਂ ਦੀਆਂ ਸਿੱਖਿਆਵਾਂ ਨੇ ਲੋਕਾਂ ਨੂੰ ਬਰਾਬਰੀ ਅਤੇ ਭਾਈਚਾਰੇ ਦਾ ਪਾਠ ਪੜ੍ਹਾਇਆ ਹੈ। ਜਥੇਦਾਰ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਸ ਬਰਾਬਰੀ ਦਾ ਜੀਵੰਤ ਪ੍ਰਤੀਕ ਹੈ, ਜਿੱਥੇ ਸੰਸਾਰ ਭਰ ਤੋਂ ਆਏ ਲੋਕ ਬਿਨਾ ਕਿਸੇ ਵਿਤਕਰੇ ਦੇ ਨਤਮਸਤਕ ਹੋ ਸਕਦੇ ਹਨ, ਸਰੋਵਰ ਵਿਚ ਇਸ਼ਨਾਨ ਕਰ ਸਕਦੇ ਹਨ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਇਕਸਾਰ ਹੋ ਕੇ ਪ੍ਰਸ਼ਾਦਾ ਛਕ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿੱਖੀ ਦਾ ਸਿਧਾਂਤ ਸਰਬ ਸਾਂਝੀਵਾਲਤਾ ਤੇ ਮਾਨਵਤਾ ਦਾ ਚਾਨਣ ਮੁਨਾਰਾ ਹੈ ਜੋ ਅੱਜ ਵੀ ਸਮਾਜ ਨੂੰ ਸਹਿਣਸ਼ੀਲਤਾ ਤੇ ਇਕਤਾ ਦੀ ਰਾਹ ਦਿਖਾ ਰਿਹਾ ਹੈ।
ਜਥੇਦਾਰ ਗੜਗੱਜ ਨੇ ਚੇਤਾਵਨੀ ਦਿੱਤੀ ਕਿ ਅਜਿਹੀਆਂ ਘਟਨਾਵਾਂ ਸਿਰਫ਼ ਵਿਅਕਤੀਗਤ ਨਹੀਂ ਸਗੋਂ ਸਮਾਜਿਕ ਸੰਵੇਦਨਸ਼ੀਲ ਮਸਲੇ ਹਨ ਜਿਨ੍ਹਾਂ ਵਿਰੁੱਧ ਹਰ ਵਰਗ ਨੂੰ ਅਵਾਜ਼ ਉਠਾਉਣੀ ਲੋੜੀਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾਂ ਦੇਸ਼ ਲਈ ਇਕ ਮਿਸਾਲ ਰਿਹਾ ਹੈ, ਜਿੱਥੇ ਨੀਵੀਆਂ ਜਾਤਾਂ ਨਾਲ ਸਬੰਧਤ ਕਿਹਾ ਜਾਣ ਵਾਲਾ ਵੱਡਾ ਭਾਗ ਸਿੱਖੀ ਨਾਲ ਜੁੜਿਆ ਹੋਇਆ ਹੈ। ਪਰ ਪਿਛਲੇ ਕੁਝ ਸਮੇਂ ਤੋਂ ਕੁਝ ਤਾਕਤਾਂ ਇਨ੍ਹਾਂ ਭਾਈਚਾਰਿਆਂ ਨੂੰ ਸਿੱਖੀ ਤੋਂ ਦੂਰ ਕਰਨ ਅਤੇ ਨਫ਼ਰਤ ਪੈਦਾ ਕਰਨ ਲਈ ਪ੍ਰਾਪੇਗੰਡਾ ਕਰ ਰਹੀਆਂ ਹਨ। ਇਹੀ ਤਾਕਤਾਂ ਜਾਤੀਵਾਦ ਨੂੰ ਵਧਾਵਣ ਵਾਲੀਆਂ ਅਤੇ ਧਰਮ ਪਰਿਵਰਤਨ ਕਰਨ ਵਾਲੀਆਂ ਬ੍ਰਿਗੇਡਾਂ ਨਾਲ ਜੁੜੀਆਂ ਹਨ।
ਅੰਤ ਵਿੱਚ ਜਥੇਦਾਰ ਗੜਗੱਜ ਨੇ ਸਾਰੇ ਸਿੱਖਾਂ ਅਤੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਅਜਿਹੇ ਜਾਤੀਵਾਦੀ ਵਿਤਕਰੇ ਅਤੇ ਨਫ਼ਰਤੀ ਪ੍ਰਚਾਰ ਦਾ ਡਟ ਕੇ ਮੁਕਾਬਲਾ ਕਰਨ। ਉਨ੍ਹਾਂ ਕਿਹਾ ਕਿ ਸਿੱਖੀ ਦੇ ਅਧਾਰ 'ਤੇ ਕੋਈ ਉੱਚ-ਨੀਚ ਨਹੀਂ, ਸਭ ਮਨੁੱਖ ਇੱਕੋ ਜਿਹੇ ਹਨ। ਇਸ ਲਈ ਜਦੋਂ ਵੀ ਕੋਈ ਤਾਕਤ ਕਿਸੇ ਭਾਈਚਾਰੇ ਨੂੰ ਸਿੱਖੀ ਤੋਂ ਵੱਖ ਕਰਨ ਜਾਂ ਫਿਰਕਾਵਾਰਤਾ ਫੈਲਾਉਣ ਦੀ ਕੋਸ਼ਿਸ਼ ਕਰੇ, ਤਾਂ ਉਸਦਾ ਪੂਰੀ ਤਰ੍ਹਾਂ ਖੰਡਨ ਤੇ ਪ੍ਰਤਿਰੋਧ ਕੀਤਾ ਜਾਣਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਹਮੇਸ਼ਾਂ ਜਾਤੀਵਾਦ, ਅਨਿਆਂ ਤੇ ਵਿਤਕਰੇ ਦੇ ਖ਼ਿਲਾਫ਼ ਅਟੱਲ ਖੜ੍ਹਾ ਹੈ ਅਤੇ ਸਿੱਖ ਪੰਥ ਇਸ ਲੜਾਈ ਵਿੱਚ ਅਗਵਾਈ ਕਰਦਾ ਰਹੇਗਾ।
Get all latest content delivered to your email a few times a month.