ਤਾਜਾ ਖਬਰਾਂ
ਅੰਮ੍ਰਿਤਸਰ/ਲਾਹੌਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਭਾਰਤੀ ਸਿੱਖ ਜਥੇ ਦੀ ਯਾਤਰਾ ਤੋਂ ਪਹਿਲਾਂ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਪਾਕਿਸਤਾਨ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਥਾ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਭੇਜਿਆ ਜਾਵੇ।
ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਹੈ ਕਿ ਜਥੇ ਦੇ ਮੈਂਬਰਾਂ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੀਆਂ ਮਿਤੀਆਂ ਮੁਤਾਬਕ ਹੀ ਵੀਜ਼ਾ ਅਪਲਾਈ ਕਰਨਾ ਚਾਹੀਦਾ ਹੈ, ਨਹੀਂ ਤਾਂ ਪਰਮਿਸ਼ਨ ਨਹੀਂ ਮਿਲੇਗੀ।
PSGPC ਦੀ ਮਾਨਤਾ:
ਇੱਥੇ ਦੱਸਣਾ ਜ਼ਰੂਰੀ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੰਦੀ ਹੈ ਅਤੇ ਪਾਕਿਸਤਾਨ ਵਿੱਚ ਇਸ ਕੈਲੰਡਰ ਮੁਤਾਬਕ ਹੀ ਪਵਿੱਤਰ ਦਿਹਾੜੇ ਮਨਾਏ ਜਾਂਦੇ ਹਨ।
ਕੈਲੰਡਰ ਵਿਵਾਦ ਦਾ ਇਤਿਹਾਸ:
ਮੂਲ ਨਾਨਕਸ਼ਾਹੀ ਕੈਲੰਡਰ 14 ਅਪ੍ਰੈਲ 2003 ਨੂੰ ਜਾਰੀ ਕੀਤਾ ਗਿਆ ਸੀ ਅਤੇ 2009 ਤੱਕ ਕਈ ਸਿੱਖ ਸੰਸਥਾਵਾਂ ਨੇ ਇਸ ਨੂੰ ਪ੍ਰਵਾਨ ਵੀ ਕਰ ਲਿਆ ਸੀ। ਹਾਲਾਂਕਿ, ਕੁਝ ਸੰਸਥਾਵਾਂ ਦੇ ਵਿਰੋਧ ਕਾਰਨ ਸਾਲ 2010 ਵਿੱਚ ਇਸ ਵਿੱਚ ਸੋਧ ਕਰ ਦਿੱਤੀ ਗਈ ਸੀ। ਭਾਰਤ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਸੋਧੇ ਹੋਏ ਕੈਲੰਡਰ ਅਨੁਸਾਰ ਦਿਹਾੜੇ ਮਨਾਏ ਜਾਂਦੇ ਹਨ, ਜਦਕਿ ਪਾਕਿਸਤਾਨ ਕਮੇਟੀ ਅੱਜ ਵੀ ਮੂਲ ਕੈਲੰਡਰ 'ਤੇ ਕਾਇਮ ਹੈ।
ਕਈ ਵਿਦਵਾਨ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸਿੱਖ ਸਿਧਾਂਤਾਂ ਅਨੁਸਾਰ ਵਧੇਰੇ ਪ੍ਰਮਾਣਿਕ ਮੰਨਦੇ ਹਨ, ਪਰ ਭਾਰਤ ਵਿੱਚ ਜ਼ਿਆਦਾਤਰ ਸੰਗਤਾਂ SGPC ਦੇ ਨਵੇਂ ਕੈਲੰਡਰ ਨੂੰ ਵਰਤ ਰਹੀਆਂ ਹਨ। ਹੁਣ ਪਾਕਿਸਤਾਨ ਸਰਕਾਰ ਦੇ ਇਸ ਸਖ਼ਤ ਰੁਖ ਨੇ ਪ੍ਰਕਾਸ਼ ਪੁਰਬ ਯਾਤਰਾ ਦੀਆਂ ਤਿਆਰੀਆਂ ਵਿੱਚ ਸ਼ਾਮਲ ਜਥਿਆਂ ਲਈ ਇੱਕ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ।
Get all latest content delivered to your email a few times a month.