ਤਾਜਾ ਖਬਰਾਂ
ਅਮਰੀਕੀ ਸਰਕਾਰ ਦੇ ਸ਼ਟਡਾਊਨ ਦੇ 10ਵੇਂ ਦਿਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਭਰ ਦੀਆਂ ਵੱਖ-ਵੱਖ ਫੈਡਰਲ ਏਜੰਸੀਆਂ ਵਿੱਚੋਂ ਹਜ਼ਾਰਾਂ ਕਰਮਚਾਰੀਆਂ ਨੂੰ ਕੱਢਣ (Layoffs) ਦਾ ਵੱਡਾ ਫੈਸਲਾ ਲਿਆ ਹੈ। ਟਰੰਪ ਨੇ ਇਸ ਕਾਰਵਾਈ ਲਈ ਸਿੱਧੇ ਤੌਰ 'ਤੇ ਡੈਮੋਕਰੇਟਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇਨ੍ਹਾਂ ਵਿਭਾਗਾਂ 'ਤੇ ਪਿਆ ਅਸਰ
ਰੌਇਟਰਜ਼ ਦੀ ਰਿਪੋਰਟ ਅਨੁਸਾਰ, ਨੌਕਰੀਆਂ ਵਿੱਚ ਕਟੌਤੀ ਦਾ ਸਭ ਤੋਂ ਵੱਡਾ ਅਸਰ ਅਮਰੀਕੀ ਖਜ਼ਾਨਾ ਵਿਭਾਗ, ਸਿਹਤ ਏਜੰਸੀ, ਇਨਕਮ ਟੈਕਸ ਵਿਭਾਗ (IRS), ਸਿੱਖਿਆ ਵਿਭਾਗ, ਵਣਜ ਵਿਭਾਗ ਅਤੇ ਗ੍ਰਹਿ ਸੁਰੱਖਿਆ ਵਿਭਾਗ ਦੀ ਸਾਈਬਰ ਸੁਰੱਖਿਆ ਸ਼ਾਖਾ 'ਤੇ ਪਿਆ ਹੈ। ਹਾਲਾਂਕਿ, ਕੱਢੇ ਗਏ ਕੁੱਲ ਕਰਮਚਾਰੀਆਂ ਦੀ ਸਹੀ ਗਿਣਤੀ ਅਜੇ ਸਪੱਸ਼ਟ ਨਹੀਂ ਹੈ। ਨਿਆਂ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਸੱਤ ਏਜੰਸੀਆਂ ਵਿੱਚ ਹੁਣ ਤੱਕ 4,200 ਤੋਂ ਵੱਧ ਕਰਮਚਾਰੀਆਂ ਨੂੰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 1,400 ਖਜ਼ਾਨਾ ਵਿਭਾਗ ਅਤੇ 1,100 ਸਿਹਤ ਵਿਭਾਗ ਨਾਲ ਸਬੰਧਤ ਹਨ।
'ਇਹ ਸਭ ਡੈਮੋਕਰੇਟਸ ਦੀ ਦੇਣ'
ਵਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, "ਉਨ੍ਹਾਂ (ਡੈਮੋਕਰੇਟਸ) ਨੇ ਹੀ ਇਹ ਸਭ ਸ਼ੁਰੂ ਕੀਤਾ। ਇਹ ਪੂਰੀ ਸਥਿਤੀ ਡੈਮੋਕਰੇਟਸ ਦੀ ਬਣਾਈ ਹੋਈ ਹੈ।" ਟਰੰਪ ਪ੍ਰਸ਼ਾਸਨ ਨੇ ਪਹਿਲਾਂ ਤੋਂ ਹੀ ਚੱਲ ਰਹੇ ਡਾਊਨਸਾਈਜ਼ਿੰਗ ਮੁਹਿੰਮ ਦੇ ਹਿੱਸੇ ਵਜੋਂ ਕਰੀਬ 3 ਲੱਖ ਫੈਡਰਲ ਨਾਗਰਿਕ ਕਰਮਚਾਰੀਆਂ ਨੂੰ ਸੇਵਾ ਤੋਂ ਬਾਹਰ ਕਰਨ ਦੀ ਯੋਜਨਾ ਬਣਾਈ ਸੀ, ਪਰ ਸ਼ਟਡਾਊਨ ਕਾਰਨ ਇਹ ਪ੍ਰਕਿਰਿਆ ਤੇਜ਼ ਹੋ ਗਈ ਹੈ। ਵ੍ਹਾਈਟ ਹਾਊਸ ਦੇ ਬਜਟ ਨਿਰਦੇਸ਼ਕ ਰਸਲ ਵੌਟ ਨੇ ਸੋਸ਼ਲ ਮੀਡੀਆ 'ਤੇ 'ਰਿਡਕਸ਼ਨ ਇਨ ਫੋਰਸ' (RIF) ਸ਼ੁਰੂ ਹੋਣ ਦੀ ਪੁਸ਼ਟੀ ਕੀਤੀ ਹੈ।
ਚੇਤਾਵਨੀ ਅਤੇ ਫੰਡਿੰਗ 'ਤੇ ਰੋਕ
ਸ਼ਟਡਾਊਨ ਖ਼ਤਮ ਨਾ ਹੋਣ ਦੀ ਸੂਰਤ ਵਿੱਚ ਟਰੰਪ ਨੇ ਡੈਮੋਕਰੇਟਸ ਨਾਲ ਜੁੜੀਆਂ ਏਜੰਸੀਆਂ ਵਿੱਚ ਹੋਰ ਵੱਡੇ ਪੱਧਰ 'ਤੇ ਛਾਂਟੀ ਕਰਨ ਦੀ ਚੇਤਾਵਨੀ ਦਿੱਤੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਡੈਮੋਕਰੇਟਸ ਦੇ ਗੜ੍ਹ ਮੰਨੇ ਜਾਂਦੇ ਨਿਊਯਾਰਕ, ਕੈਲੀਫੋਰਨੀਆ ਅਤੇ ਇਲੀਨੌਇਸ ਲਈ 28 ਅਰਬ ਡਾਲਰ ਦੀ ਬੁਨਿਆਦੀ ਢਾਂਚਾ ਫੰਡਿੰਗ ਵੀ ਰੋਕ ਦਿੱਤੀ ਹੈ।
ਡੈਮੋਕਰੇਟਸ ਦਾ ਸਖ਼ਤ ਰੁਖ
ਸੈਨੇਟ ਵਿੱਚ ਡੈਮੋਕਰੇਟ ਨੇਤਾ ਚੱਕ ਸ਼ੂਮਰ ਨੇ ਟਰੰਪ ਦੇ ਦਬਾਅ ਅੱਗੇ ਨਾ ਝੁਕਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ, "ਜਦੋਂ ਤੱਕ ਰਿਪਬਲਿਕਨ ਇਮਾਨਦਾਰੀ ਨਾਲ ਗੱਲਬਾਤ ਨਹੀਂ ਕਰਦੇ, ਹਰ ਗੁਆਚੀ ਨੌਕਰੀ, ਹਰ ਪ੍ਰੇਸ਼ਾਨ ਪਰਿਵਾਰ ਅਤੇ ਹਰ ਠੱਪ ਹੋਈ ਸੇਵਾ ਦੀ ਜ਼ਿੰਮੇਵਾਰੀ ਸਿਰਫ਼ ਉਨ੍ਹਾਂ ਦੀ ਹੈ।"
ਅਦਾਲਤ ਵਿੱਚ ਚੁਣੌਤੀ
ਸਰਕਾਰੀ ਕਰਮਚਾਰੀਆਂ ਦੇ ਯੂਨੀਅਨਾਂ ਨੇ ਇਨ੍ਹਾਂ ਛਾਂਟੀਆਂ ਨੂੰ ਗੈਰ-ਕਾਨੂੰਨੀ ਦੱਸਦਿਆਂ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ। ਸਰਕਾਰ ਨੇ ਅਦਾਲਤ ਵਿੱਚ ਕਿਹਾ ਹੈ ਕਿ ਯੂਨੀਅਨਾਂ ਨੂੰ ਇਸ ਮਾਮਲੇ ਵਿੱਚ ਮੁਕੱਦਮਾ ਦਾਇਰ ਕਰਨ ਦਾ ਕਾਨੂੰਨੀ ਅਧਿਕਾਰ ਨਹੀਂ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 15 ਅਕਤੂਬਰ ਨੂੰ ਹੋਵੇਗੀ।
ਸੰਕਟ ਵਧਿਆ: ਫੌਜੀਆਂ ਦੀ ਤਨਖਾਹ 'ਤੇ ਖ਼ਤਰਾ
ਸ਼ਟਡਾਊਨ ਕਾਰਨ ਕਈ ਸਰਕਾਰੀ ਕਰਮਚਾਰੀਆਂ ਨੂੰ ਅਧੂਰੀ ਤਨਖਾਹ ਮਿਲੀ ਹੈ। ਸਥਿਤੀ ਨਾ ਸੁਧਰਨ 'ਤੇ 15 ਅਕਤੂਬਰ ਨੂੰ ਦੇਸ਼ ਦੇ 20 ਲੱਖ ਸਰਗਰਮ ਸੈਨਿਕਾਂ ਨੂੰ ਵੀ ਤਨਖਾਹ ਮਿਲਣ ਵਿੱਚ ਦੇਰੀ ਹੋ ਸਕਦੀ ਹੈ। ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ (HHS) ਦੇ 78,000 ਕਰਮਚਾਰੀਆਂ ਵਿੱਚੋਂ 41% ਨੂੰ ਪਹਿਲਾਂ ਹੀ ਛੁੱਟੀ 'ਤੇ ਭੇਜਿਆ ਜਾ ਚੁੱਕਾ ਹੈ ਅਤੇ ਹੁਣ ਕਈਆਂ ਨੂੰ ਸਥਾਈ ਤੌਰ 'ਤੇ ਹਟਾਇਆ ਜਾ ਰਿਹਾ ਹੈ।
ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ 'ਤੇ ਵੀ ਅਸਰ
ਗ੍ਰਹਿ ਸੁਰੱਖਿਆ ਵਿਭਾਗ (DHS) ਨੇ ਵੀ ਪੁਸ਼ਟੀ ਕੀਤੀ ਹੈ ਕਿ ਛਾਂਟੀ ਉਸ ਦੀ ਸਾਈਬਰ ਸੁਰੱਖਿਆ ਅਤੇ ਬੁਨਿਆਦੀ ਢਾਂਚਾ ਸੁਰੱਖਿਆ ਏਜੰਸੀ (CISA) ਵਿੱਚ ਵੀ ਹੋ ਰਹੀ ਹੈ। ਜ਼ਿਕਰਯੋਗ ਹੈ ਕਿ CISA ਦੇ ਮੁਖੀ ਨੂੰ 2020 ਦੀਆਂ ਚੋਣਾਂ ਤੋਂ ਬਾਅਦ ਟਰੰਪ ਨੇ ਨਿਸ਼ਾਨਾ ਬਣਾਇਆ ਸੀ। ਹਾਲਾਂਕਿ, ਟਰਾਂਸਪੋਰਟੇਸ਼ਨ ਵਿਭਾਗ ਅਤੇ ਫੈਡਰਲ ਏਵੀਏਸ਼ਨ ਐਡਮਨਿਸਟ੍ਰੇਸ਼ਨ (FAA) ਇਸ ਕਟੌਤੀ ਤੋਂ ਪ੍ਰਭਾਵਿਤ ਨਹੀਂ ਹੋਣਗੇ।
Get all latest content delivered to your email a few times a month.