ਤਾਜਾ ਖਬਰਾਂ
ਪੰਜਾਬੀ ਇੰਡਸਟਰੀ ਨਾਲ ਸਬੰਧਤ ਅੰਤਰਰਾਸ਼ਟਰੀ ਪੱਧਰ ਦੇ ਮਸ਼ਹੂਰ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਸਾਡੇ ਵਿਚਕਾਰ ਨਹੀਂ ਰਹੇ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਹਰ ਕਿਸੇ ਨੂੰ ਸਦਮੇ ਵਿੱਚ ਪਾ ਦਿੱਤਾ ਹੈ। ਬਾਲੀਵੁੱਡ ਦੇ ਮੈਗਾਸਟਾਰ ਸਲਮਾਨ ਖਾਨ ਨੇ ਆਪਣੇ ਇਸ ਕੋ-ਸਟਾਰ ਨਾਲ ਇੱਕ ਭਾਵੁਕ ਤਸਵੀਰ ਸਾਂਝੀ ਕੀਤੀ ਹੈ ਅਤੇ ਇੱਕ ਛੋਟਾ ਪਰ ਦਿਲ ਨੂੰ ਛੂਹਣ ਵਾਲਾ ਕੈਪਸ਼ਨ ਲਿਖਿਆ ਹੈ।
ਸਲਮਾਨ ਖਾਨ ਦੀ ਫਿਲਮ 'ਟਾਈਗਰ 3' ਵਿੱਚ ਕੰਮ ਕਰ ਚੁੱਕੇ ਵਰਿੰਦਰ ਸਿੰਘ ਘੁੰਮਣ ਦਾ ਵੀਰਵਾਰ ਨੂੰ ਹਸਪਤਾਲ ਵਿੱਚ ਇਲਾਜ ਦੌਰਾਨ ਦਿਲ ਦਾ ਦੌਰਾ (Heart Attack) ਪੈਣ ਕਾਰਨ ਦੇਹਾਂਤ ਹੋ ਗਿਆ। 42 ਸਾਲਾ ਵਰਿੰਦਰ ਦੀ ਮੌਤ ਦੀ ਦੁਖਦ ਖ਼ਬਰ ਤੋਂ ਬਾਅਦ, ਸਲਮਾਨ ਖਾਨ ਨੇ ਟਵਿੱਟਰ 'ਤੇ ਉਨ੍ਹਾਂ ਲਈ ਇੱਕ ਸ਼ਰਧਾਂਜਲੀ ਪੋਸਟ ਸਾਂਝੀ ਕੀਤੀ।
ਤਸਵੀਰ ਵਿੱਚ ਸਲਮਾਨ ਖਾਨ ਆਪਣੀ ਮਸ਼ਹੂਰ ਭੂਮਿਕਾ ਚੁਲਬੁਲ ਪਾਂਡੇ ਦੀ ਪੁਲਿਸ ਵਰਦੀ ਵਿੱਚ ਦਿਖਾਈ ਦੇ ਰਹੇ ਹਨ, ਜਦੋਂ ਕਿ ਵਰਿੰਦਰ ਸਿੰਘ ਘੁੰਮਣ ਦੇ ਮੱਥੇ 'ਤੇ ਤਿਲਕ ਲੱਗਾ ਹੋਇਆ ਹੈ ਅਤੇ ਉਹ ਕੈਮਰੇ ਵੱਲ ਵੇਖਦਿਆਂ ਸਲਮਾਨ ਨਾਲ ਮੁਸਕਰਾ ਰਹੇ ਹਨ।
ਮੌਤ 'ਤੇ ਵਿਵਾਦ: ਹਸਪਤਾਲ 'ਤੇ ਲਾਪਰਵਾਹੀ ਦੇ ਦੋਸ਼
ਜਿੱਥੇ ਹਰ ਕੋਈ ਵਰਿੰਦਰ ਸਿੰਘ ਘੁੰਮਣ ਦੀ ਆਤਮਾ ਦੀ ਸ਼ਾਂਤੀ ਲਈ ਦੁਆ ਕਰ ਰਿਹਾ ਹੈ, ਉੱਥੇ ਹੀ ਉਨ੍ਹਾਂ ਦੀ ਮੌਤ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਦੱਸਿਆ ਜਾਂਦਾ ਹੈ ਕਿ ਘੁੰਮਣ ਆਪਣੇ ਬਾਈਸੈਪਸ 'ਤੇ ਮਾਮੂਲੀ ਸੱਟ ਲੱਗਣ ਤੋਂ ਬਾਅਦ ਇੱਕ ਛੋਟਾ ਜਿਹਾ ਆਪ੍ਰੇਸ਼ਨ ਕਰਵਾਉਣ ਲਈ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹੋਏ ਸਨ। ਇਹ ਸਰਜਰੀ ਇੰਨੀ ਛੋਟੀ ਸੀ ਕਿ ਉਨ੍ਹਾਂ ਨੂੰ ਉਸੇ ਦਿਨ ਵਾਪਸ ਘਰ ਪਰਤਣਾ ਸੀ, ਪਰ ਸਰਜਰੀ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਮੈਨੇਜਰ ਅਤੇ ਦੋਸਤਾਂ ਦੇ ਦੋਸ਼: ਘੁੰਮਣ ਦੇ ਮੈਨੇਜਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਮੋਢੇ ਵਿੱਚ ਦਰਦ ਸ਼ੁਰੂ ਹੋਇਆ ਸੀ। ਉਨ੍ਹਾਂ ਦੇ ਦੋਸਤਾਂ ਨੇ ਹਸਪਤਾਲ ਪ੍ਰਸ਼ਾਸਨ 'ਤੇ ਲਾਪਰਵਾਹੀ ਦਾ ਗੰਭੀਰ ਦੋਸ਼ ਲਾਇਆ ਹੈ ਅਤੇ ਕਿਹਾ ਹੈ ਕਿ ਘੁੰਮਣ ਦੀ ਦੇਹ ਨੀਲੀ ਪੈ ਗਈ ਸੀ। ਇਸ ਮਾਮਲੇ ਨੂੰ ਲੈ ਕੇ ਦੋਸਤਾਂ ਅਤੇ ਡਾਕਟਰਾਂ ਵਿਚਕਾਰ ਤਿੱਖੀ ਬਹਿਸ ਵੀ ਹੋਈ।
ਭਤੀਜੇ ਦਾ ਬਿਆਨ: ਇਸ ਦੇ ਉਲਟ, ਵਰਿੰਦਰ ਸਿੰਘ ਘੁੰਮਣ ਦੇ ਭਤੀਜੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਤਾਏ ਦਾ ਡੋਲਾ (biceps) ਬੰਪ ਕਰ ਰਿਹਾ ਸੀ, ਜਿਸਦੀ ਮਾਸਪੇਸ਼ੀ ਦਾ ਆਪ੍ਰੇਸ਼ਨ ਕਰਵਾਉਣ ਲਈ ਉਹ ਹਸਪਤਾਲ ਗਏ ਸਨ।
ਮੈਨੇਜਰ ਨੇ ਇਹ ਵੀ ਦੱਸਿਆ ਕਿ ਵਰਿੰਦਰ ਪਿਛਲੇ ਕੁਝ ਸਮੇਂ ਤੋਂ ਦਰਦ ਦੀ ਸ਼ਿਕਾਇਤ ਕਰ ਰਹੇ ਸਨ।
Get all latest content delivered to your email a few times a month.