ਤਾਜਾ ਖਬਰਾਂ
ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਕੈਨੇਡਾ ਸਥਿਤ ਘਰ 'ਤੇ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ 25 ਸਾਲਾ ਅਭਿਜੀਤ ਕਿੰਗਰਾ ਨੂੰ ਪੈਸੇ ਦੇ ਕੇ ਢਿੱਲੋਂ ਨੂੰ ਡਰਾਉਣ ਲਈ ਹਾਇਰ ਕੀਤਾ ਸੀ। ਕੈਨੇਡਾ ਦੀ ਅਦਾਲਤ ਨੇ ਕਿੰਗਰਾ ਨੂੰ ਹੁਣ 6 ਸਾਲ ਦੀ ਸਜ਼ਾ ਸੁਣਾਈ ਹੈ।
ਆਰਥਿਕ ਤੰਗੀ ਨੇ ਬਣਾਇਆ ਅਪਰਾਧੀ
ਕੈਨੇਡੀਅਨ ਮੀਡੀਆ ਰਿਪੋਰਟਾਂ ਅਨੁਸਾਰ, ਅਦਾਲਤ ਵਿੱਚ ਜੱਜ ਲੀਸਾ ਮਰੋਜਿੰਸਕੀ ਨੇ ਦੱਸਿਆ ਕਿ ਕਿੰਗਰਾ ਚਾਰ ਸਾਲ ਪਹਿਲਾਂ ਸਟੂਡੈਂਟ ਵੀਜ਼ਾ 'ਤੇ ਕੈਨੇਡਾ ਆਇਆ ਸੀ। ਉਹ ਪੜ੍ਹਾਈ ਅਤੇ ਨੌਕਰੀ ਵਿੱਚ ਅਸਫ਼ਲ ਰਿਹਾ ਅਤੇ ਪਰਿਵਾਰ ਦੀ ਆਰਥਿਕ ਮਦਦ ਦੇ ਦਬਾਅ ਹੇਠ ਉਸ ਨੇ ਇਹ 'ਕਾਂਟ੍ਰੈਕਟ' ਲਿਆ।
ਸਤੰਬਰ 2024 ਵਿੱਚ, ਕਿੰਗਰਾ ਅਤੇ ਉਸਦੇ ਸਾਥੀ ਵਿਕਰਮ ਸ਼ਰਮਾ ਨੇ ਵੈਨਕੂਵਰ ਆਈਲੈਂਡ ਵਿਖੇ ਏਪੀ ਢਿੱਲੋਂ ਦੇ ਘਰ ਦੇ ਬਾਹਰ ਦੋ ਗੱਡੀਆਂ ਨੂੰ ਅੱਗ ਲਗਾ ਦਿੱਤੀ ਅਤੇ ਘਰ 'ਤੇ 14 ਰਾਊਂਡ ਫਾਇਰਿੰਗ ਕੀਤੀ। ਖੁਸ਼ਕਿਸਮਤੀ ਰਹੀ ਕਿ ਗੋਲੀਆਂ ਘਰ ਦੀਆਂ ਦੀਵਾਰਾਂ ਨਾਲ ਵੱਜੀਆਂ ਅਤੇ ਕੋਈ ਜ਼ਖਮੀ ਨਹੀਂ ਹੋਇਆ।
ਹਮਲੇ ਦੀ ਵੀਡੀਓ ਰਿਕਾਰਡ, ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ
ਕੈਨੇਡੀਅਨ ਪੁਲਿਸ ਦੀ ਜਾਂਚ ਵਿੱਚ ਪਤਾ ਲੱਗਾ ਕਿ ਵਾਰਦਾਤ ਤੋਂ ਬਾਅਦ ਕਿੰਗਰਾ ਤਿੰਨ ਹਫ਼ਤਿਆਂ ਬਾਅਦ ਓਂਟਾਰੀਓ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਕਿ ਉਸਦਾ ਸਾਥੀ ਵਿਕਰਮ ਸ਼ਰਮਾ ਭਾਰਤ ਭੱਜਣ ਵਿੱਚ ਕਾਮਯਾਬ ਰਿਹਾ।
ਅਦਾਲਤ ਨੂੰ ਦੱਸਿਆ ਗਿਆ ਕਿ ਕਿੰਗਰਾ ਨੇ ਇਸ ਪੂਰੇ ਹਮਲੇ ਦੀ ਵੀਡੀਓ ਇੱਕ ਬਾਡੀ ਕੈਮਰੇ ਨਾਲ ਰਿਕਾਰਡ ਕੀਤੀ ਸੀ। ਇਸ ਦੇ ਕੁਝ ਹੀ ਘੰਟਿਆਂ ਬਾਅਦ, ਲਾਰੈਂਸ ਬਿਸ਼ਨੋਈ ਗੈਂਗ ਦੇ ਸਾਬਕਾ ਸਾਥੀ ਰੋਹਿਤ ਗੋਦਾਰਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਘਟਨਾ ਦੀ ਜ਼ਿੰਮੇਵਾਰੀ ਲਈ। ਇਸ ਪੋਸਟ ਵਿੱਚ ਕਿਹਾ ਗਿਆ ਸੀ ਕਿ ਢਿੱਲੋਂ ਨੇ ਆਪਣੇ ਗਾਣੇ ਦੀ ਵੀਡੀਓ ਵਿੱਚ ਸਲਮਾਨ ਖਾਨ ਨੂੰ ਸ਼ਾਮਲ ਕਰਕੇ 'ਫੀਲਿੰਗ' ਲਈ ਹੈ, ਇਸ ਲਈ ਉਸ ਨੂੰ ਨਿਸ਼ਾਨਾ ਬਣਾਇਆ ਗਿਆ।
ਜੱਜ ਨੇ ਇਸ ਘਟਨਾ ਨੂੰ "ਫਿਲਮ ਜਾਂ ਵੀਡੀਓ ਗੇਮ ਵਰਗਾ ਦ੍ਰਿਸ਼" ਦੱਸਿਆ ਅਤੇ ਚਿੰਤਾ ਜ਼ਾਹਰ ਕੀਤੀ ਕਿ ਅਸਲੀ ਜ਼ਿੰਦਗੀ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ।
ਕੈਨੇਡਾ ਵੱਲੋਂ ਬਿਸ਼ਨੋਈ ਗੈਂਗ 'ਅੱਤਵਾਦੀ ਸੰਗਠਨ' ਐਲਾਨ
ਇਸ ਘਟਨਾ ਦੇ ਮੱਦੇਨਜ਼ਰ ਇਹ ਦੱਸਣਾ ਜ਼ਰੂਰੀ ਹੈ ਕਿ ਹਾਲ ਹੀ ਵਿੱਚ ਕੈਨੇਡਾ ਸਰਕਾਰ ਨੇ ਬਿਸ਼ਨੋਈ ਗੈਂਗ ਨੂੰ 'ਅੱਤਵਾਦੀ ਗਰੁੱਪ' ਘੋਸ਼ਿਤ ਕੀਤਾ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਗੈਂਗ ਵਿਦੇਸ਼ਾਂ ਵਿੱਚ ਵਸੇ ਭਾਰਤੀ ਮੂਲ ਦੇ ਲੋਕਾਂ ਵਿੱਚ ਡਰ ਅਤੇ ਧਮਕੀਆਂ ਫੈਲਾਉਣ ਵਰਗੀਆਂ ਘਟਨਾਵਾਂ ਵਿੱਚ ਸ਼ਾਮਲ ਹੈ।
ਅਦਾਲਤ ਨੇ ਕਿੰਗਰਾ ਨੂੰ ਭਾਵੇਂ ਗੈਂਗ ਦਾ ਸਿਰਫ਼ 'ਫਾਲੋਅਰ' ਮੰਨਿਆ, ਪਰ ਉਸਦੇ ਅਪਰਾਧ ਨੂੰ ਸੰਗਠਿਤ ਅਤੇ ਅੱਤਵਾਦ ਫੈਲਾਉਣ ਦੇ ਇਰਾਦੇ ਨਾਲ ਕੀਤਾ ਗਿਆ ਕਾਰਾ ਕਰਾਰ ਦਿੱਤਾ। ਆਪਣੀ 6 ਸਾਲ ਦੀ ਜੇਲ੍ਹ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਅਭਿਜੀਤ ਕਿੰਗਰਾ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ।
Get all latest content delivered to your email a few times a month.