ਤਾਜਾ ਖਬਰਾਂ
ਭਾਰਤੀ ਕ੍ਰਿਕਟਰ ਰਿੰਕੂ ਸਿੰਘ, ਜੋ ਕਿ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਨਿਵਾਸੀ ਹਨ, ਵਿਰੁੱਧ ਅੰਡਰਵਰਲਡ ਦੀ ਧਮਕੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਰਿੰਕੂ ਦੀ ਪ੍ਰਮੋਸ਼ਨਲ ਟੀਮ ਨੂੰ ਪਿਛਲੇ ਛੇ ਮਹੀਨੇ ਪਹਿਲਾਂ ਤਿੰਨ ਵਾਰ ਧਮਕੀ ਭਰੇ ਸੁਨੇਹੇ ਭੇਜੇ ਗਏ ਸਨ। ਇਨ੍ਹਾਂ ਸੁਨੇਹਿਆਂ ਰਾਹੀਂ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ।
ਪੁਲਿਸ ਜਾਂਚ ਦੌਰਾਨ ਇਹ ਪਤਾ ਲੱਗਾ ਕਿ ਇਹ ਧਮਕੀਆਂ ਦਾਊਦ ਇਬਰਾਹਿਮ ਦੀ ‘ਡੀ ਕੰਪਨੀ’ ਗੈਂਗ ਵੱਲੋਂ ਭੇਜੀਆਂ ਗਈਆਂ ਸਨ। ਮੁੰਬਈ ਕ੍ਰਾਈਮ ਬ੍ਰਾਂਚ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਦੋ ਸ਼ੱਕੀ ਵਿਅਕਤੀਆਂ – ਮੁਹੰਮਦ ਦਿਲਸ਼ਾਦ ਅਤੇ ਮੁਹੰਮਦ ਨਾਵੇਦ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਨੇ ਪੁੱਛਗਿੱਛ ਦੌਰਾਨ ਆਪਣੀ ਸ਼ਮੂਲੀਅਤ ਸਵੀਕਾਰ ਕੀਤੀ ਹੈ।
ਇਸ ਖੁਲਾਸੇ ਤੋਂ ਬਾਅਦ, ਅਲੀਗੜ੍ਹ ਪੁਲਿਸ ਨੇ ਓਜ਼ੋਨ ਸਿਟੀ ਵਿਖੇ ਰਹਿਣ ਵਾਲੇ ਰਿੰਕੂ ਸਿੰਘ ਦੇ ਪਰਿਵਾਰ ਨਾਲ ਸੰਪਰਕ ਕੀਤਾ ਹੈ। ਹਾਲਾਂਕਿ, ਰਿੰਕੂ ਜਾਂ ਉਨ੍ਹਾਂ ਦੇ ਪਰਿਵਾਰ ਵੱਲੋਂ ਨਾ ਤਾਂ ਕੋਈ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਨਾ ਹੀ ਸੁਰੱਖਿਆ ਦੀ ਮੰਗ ਕੀਤੀ ਗਈ ਹੈ। ਇਸ ਦੇ ਬਾਵਜੂਦ, ਪੁਲਿਸ ਸਾਵਧਾਨੀ ਵਜੋਂ ਚੌਕਸੀ ਬਰਤ ਰਹੀ ਹੈ।
ਮੌਜੂਦਾ ਸਮੇਂ ਰਿੰਕੂ ਸਿੰਘ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ਵਿੱਚ ਰਣਜੀ ਟਰਾਫੀ ਕੈਂਪ ਵਿੱਚ ਸ਼ਿਰਕਤ ਕਰ ਰਹੇ ਹਨ। ਐਸਪੀ ਸਿਟੀ ਮ੍ਰਿਗਾਂਕ ਸ਼ੇਖਰ ਪਾਠਕ ਨੇ ਕਿਹਾ ਕਿ ਜੇਕਰ ਪਰਿਵਾਰ ਵੱਲੋਂ ਸੁਰੱਖਿਆ ਦੀ ਬੇਨਤੀ ਕੀਤੀ ਜਾਂਦੀ ਹੈ, ਤਾਂ ਉਹ ਮੁਹੱਈਆ ਕਰਵਾਈ ਜਾਵੇਗੀ।
Get all latest content delivered to your email a few times a month.