IMG-LOGO
ਹੋਮ ਪੰਜਾਬ: ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ...

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਿਕਲੇਗਾ ਵਿਸ਼ਾਲ ਨਗਰ ਕੀਰਤਨ : ਹਰਜੋਤ ਸਿੰਘ ਬੈਂਸ

Admin User - Oct 08, 2025 07:18 PM
IMG

ਹੁਸ਼ਿਆਰਪੁਰ, 8 ਅਕਤੂਬਰ -ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਤਹਿਤ ਕੱਢੇ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ਦੀ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪਹੁੰਚ ਨੂੰ ਲੈ ਕੇ ਕੀਤੇ ਜਾਣ ਵਾਲੇ ਅਗੇਤੇ ਪ੍ਰਬੰਧਾਂ ਸਬੰਧੀ ਇਕ ਸਮੀਖਿਆ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਅਤੇ ਸਕੱਤਰ ਡਾ. ਅਭਿਨਵ ਤ੍ਰਿਖਾ ਤੋਂ ਇਲਾਵਾ ਵਿਧਾਇਕ ਬ੍ਰਮ ਸ਼ੰਕਰ ਜਿੰਪਾ, ਜਸਵੀਰ ਸਿੰਘ ਰਾਜਾ ਗਿੱਲ, ਕਰਮਬੀਰ ਸਿੰਘ ਘੁੰਮਣ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵਲੋਂ ਆਈਆਂ ਸਮੂਹ ਸ਼ਖਸੀਅਤਾਂ ਦਾ ਸਵਾਗਤ ਕੀਤਾ ਗਿਆ। 

ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ 350ਵੀਂ ਵਰ੍ਹੇਗੰਢ ਨੂੰ ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਸਮਾਗਮ ਉਲੀਕੇ ਗਏ ਹਨ। ਇਸੇ ਤਹਿਤ ਵੱਖ-ਵੱਖ ਸਥਾਨਾਂ ਤੋਂ ਵਿਸ਼ਾਲ ਨਗਰ ਕੀਰਤਨ ਕੱਢੇ ਜਾਣੇ ਹਨ। ਇਨ੍ਹਾਂ ਵਿਚੋਂ ਹੀ ਇਕ ਨਗਰ ਕੀਰਤਨ 19 ਨਵੰਬਰ 2025 ਨੂੰ ਸ੍ਰੀਨਗਰ ਤੋਂ ਚੱਲ ਕੇ 20 ਨਵੰਬਰ ਨੂੰ ਪਠਾਨਕੋਟ ਹੁੰਦਾ ਹੋਇਆ 21 ਨਵੰਬਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪਹੁੰਚੇਗਾ। ਮੁਕੇਰੀਆਂ, ਦਸੂਹਾ ਤੋਂ ਹੁੰਦੇ ਹੋਏ ਗੁਰਦੁਆਰਾ ਰਾਮਪੁਰ ਖੇੜਾ ਵਿਖੇ ਨਗਰ ਕੀਰਤਨ ਦਾ ਰਾਤ ਦਾ ਠਹਿਰਾਅ ਹੋਵੇਗਾ। 22 ਨਵੰਬਰ ਨੂੰ ਕਸਬਾ ਹਰਿਆਣਾ ਤੋਂ ਹੁੰਦੇ ਹੋਏ ਹੁਸ਼ਿਆਰਪੁਰ ਸ਼ਹਿਰ ਪਹੁੰਚਣ ’ਤੇ ਨਗਰ ਕੀਰਤਨ ਨੂੰ ਸ਼ਾਨਦਾਰ ’ਗਾਰਡ ਆਫ ਆਨਰ’ ਦਿੱਤਾ ਜਾਵੇਗਾ। ਉਸ ਤੋਂ ਬਾਅਦ ਚੱਬੇਵਾਲ, ਮਾਹਿਲਪੁਰ, ਸੈਲਾ ਖੁਰਦ ਅਤੇ ਗੜ੍ਹਸ਼ੰਕਰ ਤੋਂ ਹੁੰਦੇ ਹੋਏ ਇਹ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਦੇ ਸਮੁੱਚੇ ਰਸਤੇ ’ਤੇ ਸਫ਼ਾਈ, ਲੰਗਰ ਸੇਵਾ, ਫੁੱਲਾਂ ਦੀ ਵਰਖਾ ਅਤੇ ਪੀਣ ਵਾਲੇ ਪਾਣੀ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਹੋਵੇਗਾ। 

ਕੈਬਨਿਟ ਮੰਤਰੀ ਨੇ ਦੱਸਿਆ ਕਿ 1 ਨਵੰਬਰ ਤੋਂ 18 ਨਵੰਬਰ ਤੱਕ ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ ਵਿਖੇ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ’ਤੇ ਆਧਾਰਿਤ ਸ਼ਾਨਦਾਰ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾਵੇਗਾ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਸ਼ਾਲ ਨਗਰ ਕੀਰਤਨ ਵਿਚ ਵੱਧ-ਚੜ੍ਹ ਕੇ ਸ਼ਿਰਕਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। 

ਇਸ ਦੌਰਾਨ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਸਕੱਤਰ ਡਾ. ਅਭਿਨਵ ਤ੍ਰਿਖਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਮਾਗਮਾਂ ਸਬੰਧੀ ਵੱਡੇ ਪੱਧਰ ’ਤੇ ਤਿਆਰੀ ਵਿੱਢੀ ਹੋਈ ਹੈ ਅਤੇ ਇਨ੍ਹਾਂ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਭਰੋਸਾ ਦਿਵਾਇਆ ਕਿ ਇਸ ਨਗਰ ਕੀਰਤਨ ਦੇ ਸਵਾਗਤ ਦੇ ਪ੍ਰਬੰਧਾਂ ਸਬੰਧੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। 

ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਚੇਅਰਮੈਨ ਨਗਰ ਸੁਧਾਰ ਟਰੱਸਟ ਗੁਰਵਿੰਦਰ ਸਿੰਘ ਪਾਬਲਾ, ਚੇਅਰਮੈਨ ਮਾਰਕੀਟ ਕਮੇਟੀ ਹੁਸ਼ਿਆਰਪੁਰ ਜਸਪਾਲ ਸਿੰਘ ਚੇਚੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ, ਕਮਿਸ਼ਨਰ ਨਗਰ ਨਿਗਮ ਜਿਓਤੀ ਬਾਲਾ ਮੱਟੂ, ਸਹਾਇਕ ਕਮਿਸ਼ਨਰ ਓਇਸ਼ੀ ਮੰਡਲ, ਐਸ.ਡੀ.ਐਮ. ਗੁਰਸਿਮਰਨਜੀਤ ਕੌਰ, ਐਸ.ਡੀ.ਐਮ ਟਾਂਡਾ ਪਰਮਪ੍ਰੀਤ ਸਿੰਘ, ਐਸ.ਡੀ.ਐਮ. ਮੁਕੇਰੀਆਂ ਅੰਕੁਰ ਮਹਿੰਦਰੂ, ਐਸ.ਡੀ.ਐਮ ਦਸੂਹਾ ਕੰਵਲਜੀਤ ਸਿੰਘ, ਐਸ.ਡੀ.ਐਮ ਗੜ੍ਹਸ਼਼ੰਕਰ ਸੰਜੀਵ ਕੁਮਾਰ, ਸੈਰ ਸਪਾਟਾ ਵਿਭਾਗ ਤੋਂ ਭੁਪਿੰਦਰ ਸਿੰਘ ਚੰਨਾ, ਸਤਵੰਤ ਸਿੰਘ ਸਿਆਣ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.