IMG-LOGO
ਹੋਮ ਅੰਤਰਰਾਸ਼ਟਰੀ: ਇਜ਼ਰਾਇਲ-ਹਮਾਸ ਜੰਗ ਖ਼ਤਮ ਹੋਣ ਦੀ ਸੰਭਾਵਨਾ, ਹਮਾਸ ਨੇ ਟਰੰਪ ਦੀ...

ਇਜ਼ਰਾਇਲ-ਹਮਾਸ ਜੰਗ ਖ਼ਤਮ ਹੋਣ ਦੀ ਸੰਭਾਵਨਾ, ਹਮਾਸ ਨੇ ਟਰੰਪ ਦੀ ਯੋਜਨਾ ਨੂੰ ਸ਼ਰਤਾਂ ਸਮੇਤ ਮੰਨਿਆ

Admin User - Oct 04, 2025 10:14 AM
IMG

ਪਿਛਲੇ ਦੋ ਸਾਲਾਂ ਤੋਂ ਚੱਲ ਰਹੀ ਇਜ਼ਰਾਇਲ-ਹਮਾਸ ਜੰਗ ਹੁਣ ਖ਼ਤਮ ਹੋ ਸਕਦੀ ਹੈ। ਹਮਾਸ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗਾਜ਼ਾ ਪੱਟੀ ਵਿੱਚ ਜੰਗ ਸਮਾਪਤ ਕਰਨ ਦੀ ਯੋਜਨਾ ਨੂੰ ਕੁਝ ਸ਼ਰਤਾਂ ਨਾਲ ਮੰਨ ਲਿਆ ਹੈ। ਹਮਾਸ ਨੇ ਲਗਭਗ ਸਾਰੀਆਂ ਵੱਡੀਆਂ ਸ਼ਰਤਾਂ 'ਤੇ ਸਹਿਮਤੀ ਦੇ ਦਿੱਤੀ ਹੈ। ਟਰੰਪ ਦੀ ਇਸ ਯੋਜਨਾ ਵਿੱਚ ਸੱਤਾ ਛੱਡਣਾ ਅਤੇ ਸਾਰੇ ਬਾਕੀ ਬੰਧਕਾਂ ਨੂੰ ਰਿਹਾਅ ਕਰਨਾ ਸ਼ਾਮਲ ਹੈ। ਪਰ ਹੋਰ ਮੁੱਦਿਆਂ 'ਤੇ ਫਲਸਤੀਨੀਆਂ ਨਾਲ ਹੋਰ ਵਿਚਾਰ-ਵਟਾਂਦਰਾ ਕਰਨ ਦੀ ਲੋੜ ਹੈ। ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਇਹ ਅਲਟੀਮੇਟਮ ਦਿੱਤਾ ਸੀ ਕਿ ਹਮਾਸ ਨੂੰ ਐਤਵਾਰ ਸ਼ਾਮ ਤੱਕ ਇਸ ਸਮਝੌਤੇ 'ਤੇ ਸਹਿਮਤ ਹੋਣਾ ਪਵੇਗਾ, ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਹਮਾਸ ਦੇ ਇਸ ਐਲਾਨ ਤੋਂ ਬਾਅਦ ਡੋਨਾਲਡ ਟਰੰਪ ਨੇ ਇਜ਼ਰਾਇਲ ਨੂੰ ਤੁਰੰਤ ਗਾਜ਼ਾ ਵਿੱਚ ਹਮਲੇ ਬੰਦ ਕਰਨ ਲਈ ਕਿਹਾ ਹੈ। ਟਰੰਪ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਲਿਖਿਆ: "ਹਮਾਸ ਦੁਆਰਾ ਹੁਣੇ ਜਾਰੀ ਕੀਤੇ ਗਏ ਬਿਆਨ ਦੇ ਆਧਾਰ 'ਤੇ, ਮੇਰਾ ਮੰਨਣਾ ਹੈ ਕਿ ਉਹ ਸਥਾਈ ਸ਼ਾਂਤੀ ਲਈ ਤਿਆਰ ਹਨ। ਇਜ਼ਰਾਇਲ ਨੂੰ ਗਾਜ਼ਾ 'ਤੇ ਬੰਬਾਰੀ ਤੁਰੰਤ ਰੋਕਣੀ ਚਾਹੀਦੀ ਹੈ, ਤਾਂ ਜੋ ਅਸੀਂ ਬੰਧਕਾਂ ਨੂੰ ਸੁਰੱਖਿਅਤ ਅਤੇ ਜਲਦੀ ਬਾਹਰ ਕੱਢ ਸਕੀਏ! ਇਸ ਵੇਲੇ, ਅਜਿਹਾ ਕਰਨਾ ਬਹੁਤ ਖ਼ਤਰਨਾਕ ਹੈ। ਅਸੀਂ ਪਹਿਲਾਂ ਹੀ ਉਨ੍ਹਾਂ ਬਾਰੀਕੀਆਂ 'ਤੇ ਚਰਚਾ ਕਰ ਰਹੇ ਹਾਂ ਜਿਨ੍ਹਾਂ 'ਤੇ ਕੰਮ ਕੀਤਾ ਜਾਣਾ ਹੈ। ਇਹ ਸਿਰਫ਼ ਗਾਜ਼ਾ ਦੀ ਗੱਲ ਨਹੀਂ ਹੈ, ਇਹ ਮਿਡਲ ਈਸਟ ਵਿੱਚ ਲੰਬੇ ਸਮੇਂ ਤੋਂ ਸ਼ਾਂਤੀ ਸਥਾਪਤ ਕਰਨ ਦੀ ਚਾਹ ਵਿੱਚ ਕੀਤੀ ਜਾ ਰਹੀ ਕੋਸ਼ਿਸ਼ ਦੀ ਗੱਲ ਹੈ।"


ਓਧਰ, ਹਮਾਸ ਦੇ ਇਸ ਫੈਸਲੇ ਅਤੇ ਟਰੰਪ ਦੀ ਗਾਜ਼ਾ 'ਤੇ ਬੰਬਾਰੀ ਰੋਕਣ ਦੀ ਅਪੀਲ 'ਤੇ ਇਜ਼ਰਾਇਲ ਦਾ ਕਹਿਣਾ ਹੈ ਕਿ ਉਹ ਗਾਜ਼ਾ ਵਿੱਚ ਜੰਗ ਸਮਾਪਤ ਕਰਨ ਦੀ ਟਰੰਪ ਦੀ ਯੋਜਨਾ ਦੇ 'ਪਹਿਲੇ ਪੜਾਅ' ਨੂੰ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਵੱਲੋਂ ਸ਼ਨੀਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਜ਼ਰਾਇਲ ਟਰੰਪ ਦੀ ਯੋਜਨਾ ਅਨੁਸਾਰ ਜੰਗ ਸਮਾਪਤ ਕਰਨ ਲਈ ਪੂਰਾ ਸਹਿਯੋਗ ਕਰੇਗਾ।


ਟਰੰਪ ਨੇ ਹਮਾਸ ਨੂੰ ਕੀ ਅਲਟੀਮੇਟਮ ਦਿੱਤਾ ਸੀ?


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਸਮਝੌਤੇ ਵਿੱਚ ਦੇਰੀ ਲਈ ਹਮਾਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਹਮਾਸ ਨੂੰ ਅਲਟੀਮੇਟਮ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਸਮਝੌਤੇ ਦੇ ਇਸ ਆਖਰੀ ਮੌਕੇ ਵਿੱਚ ਸਫ਼ਲਤਾ ਨਹੀਂ ਮਿਲਦੀ, ਤਾਂ ਹਮਾਸ 'ਤੇ ਅਜਿਹਾ ਕਹਿਰ ਟੁੱਟੇਗਾ, ਜਿਹੋ ਜਿਹਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਾਂਤੀ ਕਾਇਮ ਕੀਤੀ ਜਾਵੇਗੀ। ਟਰੰਪ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਹੋਈ ਗੱਲਬਾਤ ਤੋਂ ਬਾਅਦ ਗਾਜ਼ਾ ਵਿੱਚ ਜੰਗ ਖ਼ਤਮ ਕਰਨ ਲਈ ਇੱਕ ਯੋਜਨਾ ਪੇਸ਼ ਕੀਤੀ ਸੀ।


ਕੀ ਹੈ ਟਰੰਪ ਦਾ ਪਲਾਨ?

ਟਰੰਪ ਦੀ ਇਸ ਯੋਜਨਾ ਦੇ ਤਹਿਤ:

  • ਹਮਾਸ ਬਾਕੀ ਦੇ 48 ਬੰਧਕਾਂ ਨੂੰ ਤੁਰੰਤ ਰਿਹਾਅ ਕਰ ਦੇਵੇਗਾ, ਜਿਨ੍ਹਾਂ ਵਿੱਚੋਂ ਲਗਭਗ 20 ਦੇ ਜਿਉਂਦੇ ਹੋਣ ਦੀ ਸੰਭਾਵਨਾ ਹੈ।
  • ਹਮਾਸ ਗਾਜ਼ਾ ਦੀ ਸੱਤਾ ਛੱਡ ਦੇਵੇਗਾ ਅਤੇ ਨਿਰਸਤਰੀਕਰਨ ਵੀ ਕਰੇਗਾ।
  • ਬਦਲੇ ਵਿੱਚ, ਇਜ਼ਰਾਇਲ ਗਾਜ਼ਾ ਵਿੱਚ ਆਪਣੇ ਹਮਲੇ ਰੋਕ ਦੇਵੇਗਾ ਅਤੇ ਗਾਜ਼ਾ ਦੇ ਜ਼ਿਆਦਾਤਰ ਹਿੱਸੇ ਤੋਂ ਹਟ ਜਾਵੇਗਾ।
  • ਸੈਂਕੜੇ ਫ਼ਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ ਅਤੇ ਮਾਨਵਤਾਵਾਦੀ ਸਹਾਇਤਾ ਅਤੇ ਪੁਨਰ ਨਿਰਮਾਣ ਦੀ ਆਗਿਆ ਦੇਵੇਗਾ।
  • ਗਾਜ਼ਾ ਦੀ ਜ਼ਿਆਦਾਤਰ ਆਬਾਦੀ ਨੂੰ ਦੂਜੇ ਦੇਸ਼ਾਂ ਵਿੱਚ ਤਬਦੀਲ ਕਰਨ ਦੀਆਂ ਯੋਜਨਾਵਾਂ ਰੱਦ ਕਰ ਦਿੱਤੀਆਂ ਜਾਣਗੀਆਂ।
  • ਲਗਭਗ 20 ਲੱਖ ਫ਼ਲਸਤੀਨੀਆਂ ਦਾ ਖੇਤਰ ਅੰਤਰਰਾਸ਼ਟਰੀ ਸ਼ਾਸਨ ਦੇ ਅਧੀਨ ਕਰ ਦਿੱਤਾ ਜਾਵੇਗਾ, ਜਿਸ ਦੀ ਨਿਗਰਾਨੀ ਖ਼ੁਦ ਟਰੰਪ ਅਤੇ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਕਰਨਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.