ਤਾਜਾ ਖਬਰਾਂ
ਸਰੀ 4 ਅਕਤੂਬਰ- (ਹਰਦਮ ਸਿੰਘ ਮਾਨ) ਬੀਤੇ ਦਿਨ ਚੇਤਨਾ ਪ੍ਹਕਾਸ਼ਨ ਅਦਾਰੇ ਦੀ ਸਹਿਯੋਗੀ ਸੰਸਥਾ ਗੁਲਾਟੀ ਪਬਲਿਸ਼ਰਜ਼ ਸਰੀ ਵਿਖੇ ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਦੇ ਲੇਖਕਾਂ ਵੱਲੋਂ ਪੰਜਾਬੀ ਦੇ ਨਾਮਵਰ ਸ਼ਾਇਰ ਗੁਰਭਜਨ ਗਿੱਲ ਦਾ ਨੌਵਾਂ ਤੇ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ‘ਜ਼ੇਵਰ’ ਰਿਲੀਜ਼ ਕੀਤਾ ਗਿਆ। ਪੰਜਾਬ ਤੋਂ ਆਏ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਵਿਸ਼ੇਸ਼ ਤੌਰ ‘ਤੇ ਇਹ ਪੁਸਤਕ ਲੈ ਕੇ ਸਰੀ ਵਿਖੇ ਆਏ ਸਨ।
ਇਸ ਗ਼ਜ਼ਲ ਸੰਗ੍ਰਹਿ ਦਾ ਸਵਾਗਤ ਕਰਦਿਆਂ ਦਰਸ਼ਨ ਬੁੱਟਰ ਨੇ ਕਿਹਾ ਕਿ ਗੁਰਭਜਨ ਗਿੱਲ ਸੰਵੇਦਨਸ਼ੀਲ ਸ਼ਾਇਰ ਹੈ। ਉਸ ਦੇ ਅਨੇਕ ਸ਼ਿਅਰ ਅਤੇ ਕਾਵਿ ਟੁਕੜੀਆਂ ਸਮਾਜ ਦੇ ਹਰ ਵਰਗ ਦੇ ਪਾਠਕਾਂ ਦੀ ਜ਼ੁਬਾਨ ‘ਤੇ ਚੜ੍ਹੀਆਂ ਹੋਈਆਂ ਹਨ। ਇਸ ਲਈ ਸ਼ਾਇਰ ਗੁਰਭਜਨ ਗਿੱਲ ਨੂੰ ਲੋਕ ਕਵੀ ਹੋਣ ਦਾ ਦਰਜਾ ਹਾਸਿਲ ਹੈ। ਭਾਸ਼ਾ ਵਿਭਾਗ ਪੰਜਾਬ ਵੱਲੋਂ ਉਨ੍ਹਾਂ ਨੂੰ 2014 ਵਿੱਚ ਸ਼੍ਰੋਮਣੀ ਪੰਜਾਬੀ ਕਵੀ ਦੇ ਸਨਮਾਨ ਨਾਲ ਵੀ ਨਿਵਾਜਿਆ ਗਿਆ ਸੀ। ਇਸ ਗ਼ਜ਼ਲ ਸੰਗ੍ਰਹਿ ਦੀਆਂ ਗ਼ਜ਼ਲਾਂ ਵਿਚ ਉਸ ਨੇ ਪੰਜਾਬੀ ਸਭਿਆਚਾਰ ਦੀਆਂ ਜੜ੍ਹਾਂ ਤਲਾਸ਼ਦਿਆਂ ਆਧੁਨਿਕ ਮਨੁੱਖ ਨੂੰ ਦਰਪੇਸ਼ ਤ੍ਰਾਸਦੀਆਂ ਦੀ ਨਿਸ਼ਾਨਦੇਹੀ ਕੀਤੀ ਹੈ।
ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਸ਼ਾਇਰ ਜਸਵਿੰਦਰ ( ਕਰਤਾ ਅਗਰਬੱਤੀ)ਨੇ ਕਿਹਾ ਕਿ ਜ਼ੇਵਰ ਦੀ ਵਿੱਲਖਣ ਕਾਵਿ ਭਾਸ਼ਾ ਪੰਜਾਬੀ ਪਾਠਕ ਦੇ ਮਨ ਵਿਚ ਸਹਿਜੇ ਹੀ ਉਤਰਨ ਦੀ ਸਮਰੱਥਾ ਰੱਖਦੀ ਹੈ। ਪੰਜਾਬੀ ਰਹਿਤਲ ਵਿੱਚੋਂ ਲਏ ਬਿੰਬਾਂ, ਪ੍ਰਤੀਕਾਂ ਦੀ ਆਪਣੇ ਸ਼ਿਅਰਾਂ ਵਿਚ ਸੁਯੋਗ ਵਰਤੋਂ ਕਰਨੀ ਸ਼ਾਇਰ ਗੁਰਭਜਨ ਗਿੱਲ ਦੀ ਵਿਸ਼ੇਸ਼ਤਾ ਹੈ।
ਨਾਮਵਰ ਨਾਵਲਕਾਰ ਜਰਨੈਲ ਸਿੰਘ ਸੇਖਾ, ਗੁਰਭਜਨ ਗਿੱਲ ਦੇ ਸਹਿਪਾਠੀ ਤੇ ਸ਼ਾਇਰ ਮੋਹਨ ਗਿੱਲ, ਹਰਦਮ ਮਾਨ, ਸਤੀਸ਼ ਗੁਲਾਟੀ ਅਤੇ ਅੰਗਰੇਜ਼ ਬਰਾੜ ਹੋਰਾਂ ਨੇ ਇਹ ਖੂਬਸੂਰਤ ਪੁਸਤਕ ਰਿਲੀਜ਼ ਹੋਣ ‘ਤੇ ਸ਼ਾਇਰ ਗੁਰਭਜਨ ਗਿੱਲ ਨੂੰ ਮੁਬਾਰਕਬਾਦ ਦਿੱਤੀ। ਇਹ ਪੁਸ਼ਕਰ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੀ ਪ੍ਰਕਾਸ਼ਨਾ ਹੈ ਅਤੇ ਸਿੰਘ ਬਰਦਰਜ਼ ਸਿਟੀ ਸੈਂਟਰ ਅੰਮ੍ਰਿਤਸਰ ਵੱਲੋਂ ਵਿਕਰੀ ਕੀਤੀ ਜਾ ਰਹੀ ਹੈ।
Get all latest content delivered to your email a few times a month.