ਤਾਜਾ ਖਬਰਾਂ
ਸਰੀ, 4 ਅਕਤੂਬਰ (ਹਰਦਮ ਸਿੰਘ ਮਾਨ)- ਸ਼੍ਰੋਮਣੀ ਪੰਜਾਬੀ ਕਵੀ ਦਰਸ਼ਨ ਬੁੱਟਰ (ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ) ਦੀ ਅਗਵਾਈ ਵਿਚ ਕੈਨੇਡਾ ਅਤੇ ਭਾਰਤ ਦੇ ਸੱਤ ਪੰਜਾਬੀ ਸ਼ਾਇਰਾਂ ਦਾ ਪ੍ਰਤੀਨਿਧ ਮੰਡਲ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ ਕਰਵਾਏ ਜਾ ਰਹੀ ਸਿਲਵਰ ਜੁਬਲੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਰਵਾਨਾ ਹੋ ਗਿਆ ਹੈ। ਇਸ ਪ੍ਰਤੀਨਿਧ ਮੰਡਲ ਵਿਚ ਸ਼ਾਇਰ ਦਰਸ਼ਨ ਬੁੱਟਰ ਤੋਂ ਇਲਾਵਾ ਸ਼ਾਇਰ ਜਸਵਿੰਦਰ, ਰਾਜਵੰਤ ਰਾਜ, ਹਰਦਮ ਮਾਨ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਸ਼ਾਇਰ ਅਤੇ ਪ੍ਰਕਾਸ਼ਕ ਸਤੀਸ਼ ਗੁਲਾਟੀ ਸ਼ਾਮਲ ਹਨ।
ਸ੍ਰੀ ਦਰਸ਼ਨ ਬੁੱਟਰ ਨੇ ਰਵਾਨਾ ਹੋਣ ਤੋਂ ਪਹਿਲਾਂ ਵਿਸ਼ੇਸ਼ ਮੁਲਾਕਾਤ ਵਿਚ ਦੱਸਿਆ ਕਿ ਇਹ ਕਾਨਫਰੰਸ 3-4-5 ਅਕਤੂਬਰ ਨੂੰ ਅਮਰੀਕਾ ਦੇ ਸ਼ਹਿਰ ਹੇਵਰਡ (ਕੈਲੀਫੋਰਨੀਆ) ਵਿੱਚ ਹੋ ਰਹੀ ਹੈ ਜਿਸ ਵਿੱਚ ਦੁਨੀਆਂ ਭਰ ਦੇ ਪੰਜਾਬੀ ਵਿਦਵਾਨ, ਲੇਖਕ ਹਿੱਸਾ ਲੈਣ ਲਈ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕੈਨੇਡੀਅਨ ਸ਼ਾਇਰਾਂ ਦੇ ਜਥੇ ਨਾਲ ਅਮਰੀਕਾ ਪਹੁੰਚਣ ਲਈ ਵਿਸ਼ੇਸ਼ ਤੌਰ ‘ਤੇ ਵੈਨਕੂਵਰ ਆਏ ਹਨ। ਉਨ੍ਹਾਂ ਅਨੁਸਾਰ ਕਾਨਫਰੰਸ ਵਿਚ ਸੋਸ਼ਲ ਮੀਡੀਆ ਅਤੇ ਏ.ਆਈ. ਦੇ ਯੁੱਗ ਵਿਚ ਪੰਜਾਬੀ ਸਾਹਿਤ ਨੂੰ ਦਰਪੇਸ਼ ਚੁਣੌਤੀਆਂ ਦੇ ਹਰ ਪੱਖ ਉੱਤੇ ਖੁੱਲ੍ਹ ਕੇ ਵਿਚਾਰ ਚਰਚਾ ਹੋਵੇਗੀ ਅਤੇ ਪੰਜਾਬੀ ਸਾਹਿਤ ਦੇ ਵੱਖ ਵੱਖ ਰੂਪਾਂ ਖਾਸ ਕਰ ਕੇ ਨਾਟਕ ਅਤੇ ਸ਼ਾਇਰੀ ਨੂੰ ਸਰੋਤਿਆਂ ਦੇ ਰੂਬਰੂ ਕਰਵਾਇਆ ਜਾਵੇਗਾ। ਉਨ੍ਹਾਂ ਅਨੁਸਾਰ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਦੇ ਪ੍ਰਧਾਨ ਸ਼ਾਇਰ ਕੁਲਵਿੰਦਰ, ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ ਅਤੇ ਸਮੁੱਚੀ ਟੀਮ ਵੱਲੋਂ ਇਸ ਕਾਨਫਰੰਸ ਨੂੰ ਯਾਦਗਾਰੀ ਬਣਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਅਮਰੀਕਾ ਦੇ ਲੇਖਕਾਂ ਵਿਚ ਇਸ ਕਾਨਫਰੰਸ ਵਿਚ ਸ਼ਮੂਲੀਅਤ ਕਰਨ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
Get all latest content delivered to your email a few times a month.