ਤਾਜਾ ਖਬਰਾਂ
ਅਮਰੀਕਾ ਵਿੱਚ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਰਹਿ ਰਹੀ ਪੰਜਾਬੀ ਮੂਲ ਦੀ 73 ਸਾਲਾ ਬਜ਼ੁਰਗ ਮਹਿਲਾ ਹਰਜੀਤ ਕੌਰ ਨੂੰ ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ (ICE) ਵੱਲੋਂ ਡਿਪੋਰਟ ਕਰ ਦਿੱਤਾ ਗਿਆ ਹੈ।
ਹਰਜੀਤ ਕੌਰ ਆਪਣੇ ਦੋ ਪੁੱਤਰਾਂ ਨਾਲ ਅਮਰੀਕਾ ਵਿੱਚ ਰਹਿ ਰਹੀ ਸੀ, ਪਰ ਉਨ੍ਹਾਂ 'ਤੇ ਗੈਰ-ਕਾਨੂੰਨੀ ਢੰਗ ਨਾਲ ਦੇਸ਼ ਵਿੱਚ ਰਹਿਣ ਦਾ ਦੋਸ਼ ਲਗਾਇਆ ਗਿਆ ਸੀ। ਹਰਜੀਤ ਕੌਰ ਨੂੰ ਕੁਝ ਦਿਨ ਪਹਿਲਾਂ ਈਸਟ ਬੇਅ ਵਿੱਚ ਇੱਕ ਰੁਟੀਨ ਚੈੱਕ-ਇਨ ਦੌਰਾਨ ICE ਨੇ ਹਿਰਾਸਤ ਵਿੱਚ ਲਿਆ ਸੀ। ਪਰਿਵਾਰ ਦਾ ਕਹਿਣਾ ਸੀ ਕਿ ਉਹ ਤਿੰਨ ਦਹਾਕਿਆਂ ਤੋਂ ਅਮਰੀਕਾ ਵਿੱਚ ਰਹਿ ਰਹੀ ਸੀ ਅਤੇ ਉਸਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ।
ਹਾਲਾਂਕਿ, 2013 ਵਿੱਚ ਉਨ੍ਹਾਂ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ, ਪਰ ਇਸ ਤੋਂ ਬਾਅਦ ਉਹ ਨਿਰੰਤਰ ਤੌਰ 'ਤੇ ਹਰ ਛੇ ਮਹੀਨੇ ਬਾਅਦ ICE ਨੂੰ ਰਿਪੋਰਟ ਕਰਦੀ ਰਹੀ ਸੀ। ਪਰਿਵਾਰਕ ਮੈਂਬਰਾਂ ਅਤੇ ਭਾਈਚਾਰੇ ਨੇ ਉਨ੍ਹਾਂ ਦੀ ਉਮਰ ਅਤੇ ਸਿਹਤ ਦਾ ਹਵਾਲਾ ਦਿੰਦੇ ਹੋਏ ਰਿਹਾਈ ਦੀ ਮੰਗ ਕੀਤੀ ਸੀ ਅਤੇ ਇਸ ਫੈਸਲੇ ਦੇ ਖਿਲਾਫ਼ ਭਾਰਤੀ ਅਤੇ ਅਮਰੀਕੀ ਮੂਲ ਦੇ ਲੋਕਾਂ ਵੱਲੋਂ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਗਿਆ।
ਅਟਾਰਨੀ ਦੀਪਕ ਆਹਲੂਵਾਲੀਆ ਨੇ ਜਾਣਕਾਰੀ ਦਿੱਤੀ ਕਿ ਹਰਜੀਤ ਕੌਰ ਸਮੇਤ ਕੁੱਲ 132 ਭਾਰਤੀ ਨਾਗਰਿਕਾਂ ਨੂੰ ਜਾਰਜੀਆ ਤੋਂ ICE ਦੇ ਚਾਰਟਡ ਜਹਾਜ਼ ਰਾਹੀਂ ਅਰਮੇਨੀਆ ਅਤੇ ਫਿਰ ਉੱਥੋਂ ਦਿੱਲੀ ਏਅਰਪੋਰਟ ਪਹੁੰਚਾਇਆ ਗਿਆ।
ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਭਾਰਤੀਆਂ ਦੀ ਡਿਪੋਰਟੇਸ਼ਨ ਦਾ ਇਹ ਮਾਮਲਾ, ਖਾਸ ਕਰਕੇ ਬਜ਼ੁਰਗ ਨਾਗਰਿਕਾਂ ਦੇ ਸੰਦਰਭ ਵਿੱਚ, ਇਮੀਗ੍ਰੇਸ਼ਨ ਨੀਤੀਆਂ ਅਤੇ ਮਨੁੱਖੀ ਆਧਾਰ 'ਤੇ ਲਏ ਜਾਣ ਵਾਲੇ ਫੈਸਲਿਆਂ 'ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਇਹ ਵੇਖਣਾ ਬਾਕੀ ਹੈ ਕਿ ਇਸ ਘਟਨਾ 'ਤੇ ਭਾਰਤੀ ਭਾਈਚਾਰੇ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਹੋਰ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਆਉਂਦੀ ਹੈ।
Get all latest content delivered to your email a few times a month.