ਤਾਜਾ ਖਬਰਾਂ
ਬੁੱਧਵਾਰ ਨੂੰ ਲੇਹ-ਲੱਦਾਖ ਵਿੱਚ ਸਥਿਤੀ ਉਸ ਸਮੇਂ ਕਾਬੂ ਤੋਂ ਬਾਹਰ ਹੋ ਗਈ, ਜਦੋਂ ਨੌਜਵਾਨ ਪ੍ਰਦਰਸ਼ਨਕਾਰੀਆਂ ਵੱਲੋਂ ਕੀਤਾ ਜਾ ਰਿਹਾ ਵਿਰੋਧ ਪ੍ਰਦਰਸ਼ਨ ਹਿੰਸਕ ਰੂਪ ਧਾਰ ਗਿਆ। ਰਾਜ ਦੇ ਦਰਜੇ ਅਤੇ ਸੰਵਿਧਾਨ ਦੀ ਛੇਵੀਂ ਅਨੁਸੂਚੀ (Sixth Schedule) ਤਹਿਤ ਵਿਸ਼ੇਸ਼ ਅਧਿਕਾਰਾਂ ਦੀ ਬਹਾਲੀ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਦੀਆਂ ਝੜਪਾਂ ਵਿੱਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 70 ਤੋਂ ਵੱਧ ਜ਼ਖਮੀ ਹੋ ਗਏ। ਹਾਲਾਤ ਵਿਗੜਦੇ ਦੇਖ ਕੇ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਹੈ, ਜਿਸ ਤਹਿਤ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਹੈ।
ਪ੍ਰਦਰਸ਼ਨਕਾਰੀਆਂ ਦਾ ਗੁੱਸਾ
ਸੜਕਾਂ 'ਤੇ ਉੱਤਰੇ ਨੌਜਵਾਨਾਂ ਨੇ ਹਿੰਸਕ ਕਾਰਵਾਈਆਂ ਨੂੰ ਅੰਜਾਮ ਦਿੱਤਾ, ਜਿਸ ਵਿੱਚ ਭਾਜਪਾ ਦੇ ਇੱਕ ਦਫ਼ਤਰ 'ਤੇ ਹਮਲਾ ਵੀ ਸ਼ਾਮਲ ਹੈ। ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਪੱਥਰਬਾਜ਼ੀ ਕੀਤੀ ਅਤੇ ਇੱਕ ਪੁਲਿਸ ਵਾਹਨ ਨੂੰ ਅੱਗ ਲਗਾ ਦਿੱਤੀ। ਵਿਦਿਆਰਥੀਆਂ ਅਤੇ ਸਥਾਨਕ ਨਿਵਾਸੀਆਂ ਨੇ ਕੇਂਦਰ ਸਰਕਾਰ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਦੇ ਖਿਲਾਫ਼ ਪੂਰਨ ਬੰਦ ਦਾ ਸੱਦਾ ਦਿੱਤਾ ਸੀ, ਪਰ ਸ਼ਾਂਤੀਪੂਰਨ ਪ੍ਰਦਰਸ਼ਨ ਅਚਾਨਕ ਹਿੰਸਾ ਵਿੱਚ ਬਦਲ ਗਿਆ।
ਇਸ ਅੰਦੋਲਨ ਦੀ ਅਗਵਾਈ ਲੇਹ ਐਪੈਕਸ ਬਾਡੀ (LAB) ਕਰ ਰਹੀ ਹੈ। ਹਿੰਸਾ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਮੰਗਲਵਾਰ ਸ਼ਾਮ ਨੂੰ 35 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ 15 ਪ੍ਰਦਰਸ਼ਨਕਾਰੀਆਂ ਵਿੱਚੋਂ ਦੋ ਦੀ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸ ਘਟਨਾ ਨੇ ਪ੍ਰਦਰਸ਼ਨਕਾਰੀਆਂ ਵਿੱਚ ਭਾਰੀ ਗੁੱਸਾ ਭੜਕਾਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਲੇਹ ਹਿੱਲ ਕੌਂਸਲ ਦੀ ਇਮਾਰਤ 'ਤੇ ਵੀ ਪੱਥਰਬਾਜ਼ੀ ਕੀਤੀ।
ਸੁਰੱਖਿਆ ਪ੍ਰਬੰਧ ਅਤੇ ਗੱਲਬਾਤ ਦੀ ਉਮੀਦ
ਸਥਿਤੀ ਨੂੰ ਕੰਟਰੋਲ ਕਰਨ ਲਈ ਸਥਾਨਕ ਪੁਲਿਸ ਨੇ ਵਿਰੋਧ ਸਥਾਨ 'ਤੇ ਵਾਧੂ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਹਨ ਅਤੇ ਫਿਲਹਾਲ ਹਾਲਾਤ ਕਾਬੂ ਹੇਠ ਹਨ। ਇਹ ਤਾਜ਼ਾ ਝੜਪਾਂ ਲੱਦਾਖ ਖੇਤਰ ਵਿੱਚ ਵਧ ਰਹੇ ਅਸੰਤੋਸ਼ ਅਤੇ ਗੁੱਸੇ ਨੂੰ ਦਰਸਾਉਂਦੀਆਂ ਹਨ।
ਇਸ ਦੌਰਾਨ, ਕੇਂਦਰ ਸਰਕਾਰ ਨੇ ਖੇਤਰ ਦੇ ਲੋਕਾਂ ਦੀਆਂ ਮੰਗਾਂ 'ਤੇ ਮੁੜ ਗੱਲਬਾਤ ਸ਼ੁਰੂ ਕਰਨ ਲਈ 6 ਅਕਤੂਬਰ ਨੂੰ ਲੱਦਾਖ ਦੇ ਪ੍ਰਤੀਨਿਧੀਆਂ ਨਾਲ ਇੱਕ ਮੀਟਿੰਗ ਬੁਲਾਈ ਹੈ।
Get all latest content delivered to your email a few times a month.