ਤਾਜਾ ਖਬਰਾਂ
10 ਸਤੰਬਰ ਨੂੰ ਪਿੰਡ ਜੀਦਾ ਵਿੱਚ ਹੋਏ ਧਮਾਕੇ ਬਾਰੇ ਹੁਣ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਜਾਂਚ ਏਜੰਸੀਆਂ ਦੇ ਮੁਤਾਬਕ, 19 ਸਾਲਾ ਗੁਰਪ੍ਰੀਤ ਸਿੰਘ ਜੋ ਇਸ ਧਮਾਕੇ ‘ਚ ਗੰਭੀਰ ਜ਼ਖ਼ਮੀ ਹੋਇਆ ਸੀ, ਉਹ ਆਪਣੇ ਆਪ ਨੂੰ “ਮਨੁੱਖੀ ਬੰਬ” ਵਜੋਂ ਵਰਤਣ ਦੀ ਤਿਆਰੀ ਕਰ ਰਿਹਾ ਸੀ। ਉਸਦਾ ਟਾਰਗੇਟ ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਦਾ ਕੈਂਪ ਸੀ।
ਮੰਗਲਵਾਰ ਨੂੰ ਐਨਆਈਏ ਦੀ ਟੀਮ ਗੁਰਪ੍ਰੀਤ ਦੇ ਘਰ ‘ਚ ਗਈ ਅਤੇ ਉਥੇ ਤੋਂ ਬੰਬ ਬਣਾਉਣ ਲਈ ਵਰਤੇ ਗਏ ਕੈਮੀਕਲ ਦੇ ਨਮੂਨੇ ਜ਼ਬਤ ਕੀਤੇ। ਇਸ ਤੋਂ ਬਾਅਦ ਉਸਦੀ ਪੁੱਛਗਿੱਛ ਐਮਸ ਵਿੱਚ ਵੀ ਕੀਤੀ ਗਈ। ਉੱਚ ਪੱਧਰੀ ਪੁਲਿਸ ਸੂਤਰਾਂ ਨੇ ਦੱਸਿਆ ਕਿ ਗੁਰਪ੍ਰੀਤ ਨੇ ਜਾਂਚ ‘ਚ ਖੁਦ ਕਬੂਲਿਆ ਕਿ ਉਹ ਮਨੁੱਖੀ ਬੰਬ ਬਣਨ ਲਈ ਪੂਰੀ ਤਿਆਰੀ ਕਰ ਚੁੱਕਾ ਸੀ। ਉਸਨੇ ਧਮਾਕਾਖੇਜ਼ ਸਮੱਗਰੀ ਤੋਂ ਲੈ ਕੇ ਖ਼ਾਸ ਤਰ੍ਹਾਂ ਦੀ ਜੇਬਾ ਵਾਲੀ ਬੈਲਟ ਤੱਕ ਸਭ ਕੁਝ ਆਨਲਾਈਨ ਖਰੀਦਿਆ ਸੀ। ਯੋਜਨਾ ਇਹ ਸੀ ਕਿ ਉਹ ਬੈਲਟ ਪੇਟ ਨਾਲ ਬੰਨ੍ਹ ਕੇ ਸੁਰੱਖਿਆ ਬਲਾਂ ‘ਤੇ ਹਮਲਾ ਕਰੇ।
ਗੁਰਪ੍ਰੀਤ ਨੇ ਇਹ ਵੀ ਦੱਸਿਆ ਕਿ ਉਸਦਾ ਨਿਸ਼ਾਨਾ ਸਿਰਫ਼ ਜੰਮੂ-ਕਸ਼ਮੀਰ ‘ਚ ਹੀ ਸੀ ਕਿਉਂਕਿ ਉਸਦੇ ਅਨੁਸਾਰ ਉੱਥੇ ਮੁਸਲਿਮ ਕਸ਼ਮੀਰੀ ਲੜਕੀਆਂ ਨਾਲ ਜ਼ਬਰਦਸਤੀ ਕੀਤੀ ਜਾ ਰਹੀ ਹੈ। ਜਦ ਉਸਨੂੰ ਪੁੱਛਿਆ ਗਿਆ ਕਿ ਫ਼ੌਜ ਤਾਂ ਪੰਜਾਬ ਦੇ ਬਠਿੰਡਾ ‘ਚ ਵੀ ਹੈ, ਤਾਂ ਉਸਨੇ ਕਿਹਾ ਕਿ ਉਸਨੂੰ ਕਿਸੇ ਹੋਰ ਸੂਬੇ ਵਿੱਚ ਤਾਇਨਾਤ ਫ਼ੌਜ ਨਾਲ ਕੋਈ ਸਮੱਸਿਆ ਨਹੀਂ।
ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਗੁਰਪ੍ਰੀਤ ਬਹੁਤ ਸਮੇਂ ਤੋਂ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਦੇ ਭਾਸ਼ਣ ਸੁਣਦਾ ਆ ਰਿਹਾ ਸੀ। ਇੱਕ ਵਾਰ ਤਾਂ ਉਸਨੇ ਸਾਈਕਲ ਰਾਹੀਂ ਪਾਕਿਸਤਾਨ ਜਾਣ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਪਰਿਵਾਰ ਨੇ ਉਸਨੂੰ ਰੋਕ ਲਿਆ। ਬਾਅਦ ‘ਚ ਉਸਨੂੰ ਨਾਨਕੇ ਪਾਸ ਭੇਜ ਦਿੱਤਾ ਗਿਆ।
ਦੂਜੇ ਪਾਸੇ, ਖ਼ਬਰ ਹੈ ਕਿ ਪੁਲਿਸ ਨੇ ਕਠੂਆ ਤੋਂ ਦੋ ਸ਼ੱਕੀ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ, ਹਾਲਾਂਕਿ ਅਧਿਕਾਰੀਆਂ ਵੱਲੋਂ ਇਸਦੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ।
Get all latest content delivered to your email a few times a month.