ਤਾਜਾ ਖਬਰਾਂ
ਲੁਧਿਆਣਾ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਏਸੀਪੀ (ਲਾਇਸੈਂਸਿੰਗ) ਰਾਜੇਸ਼ ਸ਼ਰਮਾ ਨੂੰ ਦਫ਼ਤਰ ਵਿੱਚ ਹੀ ਧਮਕੀਆਂ ਦਿੱਤੀਆਂ ਗਈਆਂ। ਇਹ ਮਾਮਲਾ 7 ਮਈ 2025 ਨੂੰ ਵਾਪਰਿਆ, ਜਦੋਂ ਹੈਬੋਵਾਲ ਨਿਵਾਸੀ ਸੁਦਰਸ਼ਨ ਸ਼ਰਮਾ ਨਾਮਕ ਵਿਅਕਤੀ ਫਾਈਲ ‘ਤੇ ਹਸਤਾਖਰ ਕਰਵਾਉਣ ਲਈ ਅਧਿਕਾਰੀ ਦੇ ਦਫ਼ਤਰ ਪਹੁੰਚਿਆ।
ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ, ਪਹਿਲਾਂ ਆਰੋਪੀ ਨੇ ਆਪਣੇ ਗੰਨ ਹਾਊਸ ਦਾ ਕਾਰਡ ਏਸੀਪੀ ਦੇ ਅਰਦਲੀ ਰਾਹੀਂ ਭੇਜਿਆ ਅਤੇ ਮਿਲਣ ਦੀ ਮੰਗ ਕੀਤੀ। ਪਰ ਜਦੋਂ ਉਸਨੂੰ ਬਾਹਰ ਇੰਤਜ਼ਾਰ ਕਰਨ ਲਈ ਕਿਹਾ ਗਿਆ ਤਾਂ ਉਹ ਸ਼ੋਰਸ਼ਰਾਬਾ ਕਰਨ ਲੱਗ ਪਿਆ। ਬਾਅਦ ਵਿੱਚ ਅੰਦਰ ਆ ਕੇ ਉਸਨੇ ਇੱਕ ਫਾਈਲ ‘ਤੇ ਸਾਈਨ ਕਰਨ ਲਈ ਦਬਾਅ ਬਣਾਇਆ। ਏਸੀਪੀ ਵੱਲੋਂ ਬਿਨੈਕਾਰ ਦੀ ਗੈਰਹਾਜ਼ਰੀ ਵਿੱਚ ਦਸਤਖ਼ਤ ਕਰਨ ਤੋਂ ਇਨਕਾਰ ਕਰਨ ‘ਤੇ ਆਰੋਪੀ ਨੇ ਬਹਿਸ ਸ਼ੁਰੂ ਕਰ ਦਿੱਤੀ ਅਤੇ ਉੱਚੀ ਆਵਾਜ਼ ਵਿੱਚ ਧਮਕੀ ਭਰੇ ਸ਼ਬਦ ਕਹੇ।
ਆਰੋਪੀ ਨੇ ਚੇਤਾਵਨੀ ਦਿੱਤੀ ਕਿ ਜੇ ਫਾਈਲ ਮਾਰਕ ਨਾ ਕੀਤੀ ਗਈ ਤਾਂ ਉਹ ਇਸ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਤੱਕ ਲੈ ਕੇ ਜਾਵੇਗਾ। ਇਸਦੇ ਨਾਲ ਹੀ ਉਸਨੇ ਏਸੀਪੀ ਨੂੰ ਨਤੀਜੇ ਭੁਗਤਣ ਲਈ ਵੀ ਕਿਹਾ।
ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਥਾਣਾ ਡਿਵਿਜ਼ਨ ਨੰਬਰ-5 ਦੀ ਪੁਲਿਸ ਨੇ ਆਰੋਪੀ ਸੁਦਰਸ਼ਨ ਸ਼ਰਮਾ ਖ਼ਿਲਾਫ਼ ਸਰਕਾਰੀ ਕੰਮ ਵਿੱਚ ਰੁਕਾਵਟ ਪੈਦਾ ਕਰਨ ਅਤੇ ਧਮਕੀਆਂ ਦੇਣ ਦੇ ਆਰੋਪਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਆਰੋਪੀ ਤੋਂ ਪੁੱਛਗਿੱਛ ਕੀਤੀ ਜਾਵੇਗੀ।
Get all latest content delivered to your email a few times a month.