ਤਾਜਾ ਖਬਰਾਂ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ.) ਦੇ ਪ੍ਰਧਾਨ, ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕੇਂਦਰ ਸਰਕਾਰ ਵੱਲੋਂ ਨਵੰਬਰ ਵਿੱਚ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ’ਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਰੋਹਾਂ ਲਈ ਸਿੱਖ ਯਾਤਰੀਆਂ ਨੂੰ ਨਾ ਭੇਜਣ ਦੇ ਫੈਸਲੇ ’ਤੇ ਗੰਭੀਰ ਚਿੰਤਾ ਜਤਾਈ ਹੈ।
ਕਾਲਕਾ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੁੜੀ ਸ਼ਰਧਾ ਸਿਰਫ਼ ਸਿੱਖਾਂ ਤੱਕ ਸੀਮਿਤ ਨਹੀਂ, ਸਗੋਂ ਦੁਨੀਆ ਭਰ ਦੇ ਭਗਤਾਂ ਲਈ ਮਹੱਤਵਪੂਰਨ ਹੈ। ਹਰ ਸਾਲ ਸੈਂਕੜੇ ਯਾਤਰੀ ਨਨਕਾਣਾ ਸਾਹਿਬ ਆ ਕੇ ਪ੍ਰਕਾਸ਼ ਪੁਰਬ ਸਮਾਰੋਹਾਂ ਵਿੱਚ ਸ਼ਾਮਲ ਹੋਣ ਦੀ ਇੱਛਾ ਰੱਖਦੇ ਹਨ। ਉਹਨਾਂ ਨੇ ਸਰਕਾਰ ਕੋਲ ਅਪੀਲ ਕੀਤੀ ਕਿ ਘੱਟ ਤੋਂ ਘੱਟ ਇੱਕ ਜੱਥੇ ਨੂੰ ਯਾਤਰਾ ਦੀ ਆਗਿਆ ਦਿੱਤੀ ਜਾਵੇ।
ਉਨ੍ਹਾਂ ਨੇ ਸੁਝਾਅ ਦਿੱਤਾ ਕਿ ਵੀਜ਼ਿਆਂ ਦੀ ਗਿਣਤੀ ਤਕਰੀਬਨ 3,000 ਤੋਂ ਘਟਾ ਕੇ 500 ਅਤੇ ਯਾਤਰਾ ਦਾ ਸਮਾਂ 10 ਦਿਨਾਂ ਦੀ ਬਜਾਏ 5 ਦਿਨ ਤੱਕ ਸੀਮਤ ਰੱਖਣ ਨਾਲ ਵੀ ਸੰਗਤਾਂ ਨੂੰ ਇਸ ਧਾਰਮਿਕ ਯਾਤਰਾ ਤੋਂ ਵਾਂਝਾ ਨਹੀਂ ਰਹਿਣਾ ਪਵੇਗਾ। ਕਾਲਕਾ ਨੇ ਇਹ ਵੀ ਕਿਹਾ ਕਿ ਡੀ.ਐਸ.ਜੀ.ਐਮ.ਸੀ. ਸਰਕਾਰ ਨਾਲ ਗੱਲਬਾਤ ਕਰੇਗੀ ਅਤੇ ਜ਼ਰੂਰਤ ਪੈਣ ’ਤੇ ਨਿੱਜੀ ਪੱਧਰ ’ਤੇ ਵੀ ਮੁਲਾਕਾਤ ਕੀਤੀ ਜਾਵੇਗੀ।
ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਭੇਜ ਕੇ ਯਾਤਰਾ ਦੀ ਮਨਜ਼ੂਰੀ ਲਈ ਅਪੀਲ ਕੀਤੀ ਅਤੇ ਪਹਿਲਾਂ ਵੀ ਇਸ ਸਬੰਧੀ ਪੱਤਰ ਭੇਜ ਚੁੱਕੇ ਹਨ। ਕਾਲਕਾ ਨੇ ਯਾਦ ਦਿਵਾਇਆ ਕਿ ਜੇ ਪਾਕਿਸਤਾਨ ਦੀ ਕ੍ਰਿਕਟ ਟੀਮ ਭਾਰਤ ਨਾਲ ਮੈਚ ਖੇਡ ਸਕਦੀ ਹੈ ਤਾਂ ਸਿੱਖ ਯਾਤਰੀਆਂ ਨੂੰ ਵੀ ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਜਾਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ।
ਇਸ ਦੇ ਨਾਲ, ਉਹਨਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਜਲਦੀ ਖੋਲ੍ਹਣ ਦੀ ਮੰਗ ਵੀ ਕੀਤੀ। ਕਾਲਕਾ ਨੇ ਸਵੀਕਾਰਿਆ ਕਿ ਯਾਤਰੀਆਂ ਦੀ ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਯਾਤਰਾ ਦੇ ਦਿਨ ਅਤੇ ਯਾਤਰੀਆਂ ਦੀ ਗਿਣਤੀ ਘਟਾ ਕੇ ਸੁਰੱਖਿਆ ਅਤੇ ਆਸਥਾ ਦੋਹਾਂ ਨੂੰ ਧਿਆਨ ਵਿੱਚ ਰੱਖਿਆ ਜਾ ਸਕਦਾ ਹੈ।
Get all latest content delivered to your email a few times a month.