ਤਾਜਾ ਖਬਰਾਂ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਰਤ ਸਰਕਾਰ ਵੱਲੋਂ ਇਸ ਸਾਲ ਨਵੰਬਰ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸਿੱਖ ਜਥਿਆਂ ਨੂੰ ਪਾਕਿਸਤਾਨ ਨਾ ਭੇਜਣ ਦੇ ਫ਼ੈਸਲੇ ਨੂੰ ਗਲਤ ਅਤੇ ਸਿੱਖ ਭਾਵਨਾਵਾਂ ਉੱਤੇ ਸੱਟ ਮਾਰਨ ਵਾਲਾ ਕਰਾਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਜੇ ਭਾਰਤ ਅਤੇ ਪਾਕਿਸਤਾਨ ਕ੍ਰਿਕਟ ਵਰਗੀਆਂ ਖੇਡਾਂ ਰਾਹੀਂ ਆਪਸੀ ਸੰਪਰਕ ਕਾਇਮ ਰੱਖ ਸਕਦੇ ਹਨ ਤਾਂ ਸਿੱਖ ਸ਼ਰਧਾਲੂਆਂ ਨੂੰ ਗੁਰਧਾਮਾਂ ਦੇ ਦਰਸ਼ਨ ਤੋਂ ਵਾਂਝੇ ਰੱਖਣ ਦਾ ਕੋਈ ਜਾਇਜ਼ ਕਾਰਨ ਨਹੀਂ। ਜਥੇਦਾਰ ਗੜਗੱਜ ਨੇ ਜ਼ੋਰ ਦੇ ਕੇ ਕਿਹਾ ਕਿ ਦੋਵੇਂ ਦੇਸ਼ਾਂ ਵਿਚਕਾਰ ਸ਼ਾਂਤੀ, ਭਰੋਸੇ ਅਤੇ ਵਪਾਰਕ ਸੰਬੰਧਾਂ ਦੀ ਮਜ਼ਬੂਤੀ ਹੀ ਖ਼ਿੱਤੇ ਦੀ ਤਰੱਕੀ ਲਈ ਜ਼ਰੂਰੀ ਹੈ।
ਉਨ੍ਹਾਂ ਯਾਦ ਦਿਵਾਇਆ ਕਿ ਦੋਨਾਂ ਸਰਕਾਰਾਂ ਦੇ ਵਿਚਕਾਰ ਹੋਏ ਸਮਝੌਤਿਆਂ ਅਨੁਸਾਰ ਹਰ ਸਾਲ ਸਿੱਖ ਜਥੇ ਪਾਕਿਸਤਾਨ ਸਥਿਤ ਗੁਰਧਾਮਾਂ, ਖ਼ਾਸ ਤੌਰ ’ਤੇ ਸ੍ਰੀ ਨਨਕਾਣਾ ਸਾਹਿਬ, ਵਿਖੇ ਦਰਸ਼ਨ ਲਈ ਜਾਂਦੇ ਹਨ। ਪਰ ਭਾਰਤ ਸਰਕਾਰ ਵੱਲੋਂ ਇਸ ਵਾਰ ਲਿਆ ਗਿਆ ਫ਼ੈਸਲਾ ਸਿੱਖ ਸੰਗਤ ਨੂੰ ਗੁਰੂ ਸਾਹਿਬ ਦੇ ਜਨਮ ਅਸਥਾਨ ਵਿਖੇ ਪ੍ਰਕਾਸ਼ ਗੁਰਪੁਰਬ ਸਮਾਰੋਹਾਂ ਤੋਂ ਦੂਰ ਰੱਖ ਰਿਹਾ ਹੈ।
ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਯਕੀਨੀ ਬਣਾਵੇ ਕਿ ਜੇ ਜਥਾ ਜਾਂਦਾ ਹੈ ਤਾਂ ਸਿੱਖ ਯਾਤਰੀਆਂ ਦੀ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਲਈ ਜਾਵੇ। ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖ ਕੌਮ ਲੰਮੇ ਸਮੇਂ ਤੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਦੀ ਮੰਗ ਕਰ ਰਹੀ ਹੈ, ਪਰ ਹੁਣ ਸਰਕਾਰ ਵੱਲੋਂ ਵੀਜ਼ਾ ਪ੍ਰਕਿਰਿਆ ਰਾਹੀਂ ਜਾਣ ਵਾਲੇ ਸਾਲਾਨਾ ਜਥਿਆਂ ’ਤੇ ਰੋਕ ਲਗਾ ਕੇ ਸਿੱਖਾਂ ਨੂੰ ਨਿਰਾਸ਼ ਕੀਤਾ ਗਿਆ ਹੈ।
ਉਨ੍ਹਾਂ 1947 ਦੀ ਵੰਡ ਦੀ ਵੀ ਗੱਲ ਕੀਤੀ ਜਦੋਂ ਸਿੱਖਾਂ ਅਤੇ ਪੰਜਾਬੀਆਂ ਨੂੰ ਆਪਣੇ ਪਿਆਰੇ ਗੁਰਧਾਮਾਂ ਤੋਂ ਵਿਛੋੜਾ ਸਹਿਣਾ ਪਿਆ ਸੀ। ਉਨ੍ਹਾਂ ਅਫਸੋਸ ਪ੍ਰਗਟਾਇਆ ਕਿ ਅੱਜ ਵੀ ਸਿੱਖਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਬੇਗਾਨਗੀ ਦਾ ਅਹਿਸਾਸ ਹੋ ਰਿਹਾ ਹੈ।
Get all latest content delivered to your email a few times a month.