ਤਾਜਾ ਖਬਰਾਂ
ਯੂਕੇ ਦੇ ਓਲਡਬਰੀ ਪਾਰਕ ਤੋਂ ਇਕ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਭਾਰਤੀ ਮੂਲ ਦੀ 20 ਸਾਲਾ ਸਿੱਖ ਕੁੜੀ ਨਾਲ ਦਿਨ ਦਿਹਾੜੇ ਬੇਰਹਿਮੀ ਨਾਲ ਜਬਰ ਜਨਾਹ ਕੀਤਾ ਗਿਆ। ਇਹ ਹਮਲਾ ਸਿਰਫ਼ ਜਿਨਸੀ ਅਪਰਾਧ ਤੱਕ ਸੀਮਿਤ ਨਹੀਂ ਸੀ, ਸਗੋਂ ਇਸ ਦੌਰਾਨ ਨਸਲੀ ਟਿੱਪਣੀਆਂ ਵੀ ਕੀਤੀਆਂ ਗਈਆਂ, ਜਿਸ ਕਰਕੇ ਪੁਲਿਸ ਇਸ ਨੂੰ ਨਸਲੀ ਹਮਲੇ ਦੇ ਤੌਰ ‘ਤੇ ਵੀ ਜਾਂਚ ਰਹੀ ਹੈ।
ਪੀੜਤ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਹਮਲਾਵਰਾਂ ਨੇ ਉਸ ਨੂੰ ਕਿਹਾ – “ਆਪਣੇ ਦੇਸ਼ ਵਾਪਸ ਜਾਓ, ਤੁਹਾਡਾ ਇੱਥੇ ਕੋਈ ਹੱਕ ਨਹੀਂ।” ਇਸ ਤੋਂ ਬਾਅਦ ਇਲਾਕੇ ਵਿੱਚ ਗੁੱਸੇ ਅਤੇ ਅਸੁਰੱਖਿਆ ਦਾ ਮਾਹੌਲ ਬਣ ਗਿਆ ਹੈ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਹੈ ਕਿ ਇਸ ਘਿਨੌਣੇ ਕੰਮ ਵਿੱਚ ਦੋ ਗੋਰੇ ਸ਼ਖ਼ਸ ਸ਼ਾਮਲ ਸਨ। ਇੱਕ ਮੁਲਜ਼ਮ ਕੁਝ ਮੋਟੇ ਹਾਵਭਾਵ ਵਾਲਾ ਸੀ, ਜਿਸ ਦਾ ਸਿਰ ਮੁੰਨਿਆ ਹੋਇਆ ਸੀ ਅਤੇ ਉਸ ਨੇ ਕਾਲੀ ਸਵੈਟ-ਸ਼ਰਟ ਤੇ ਦਸਤਾਨੇ ਪਾਏ ਹੋਏ ਸਨ। ਦੂਜੇ ਨੇ ਸਲੇਟੀ ਰੰਗ ਦਾ ਜੈਕਟ ਪਾਇਆ ਸੀ ਜਿਸ ‘ਤੇ ਚਾਂਦੀ ਦੀ ਜ਼ਿਪ ਸੀ। ਦੋਵੇਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਤੋਂ ਮਿਲੀਆਂ ਹਨ ਅਤੇ ਪੁਲਿਸ ਉਨ੍ਹਾਂ ਦੀ ਪਛਾਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ।
ਵੈਸਟ ਮਿਡਲੈਂਡਜ਼ ਪੁਲਿਸ ਨੇ ਫੋਰੈਂਸਿਕ ਟੀਮਾਂ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਜਾਣਦੇ ਹਨ ਕਿ ਇਸ ਹਾਦਸੇ ਨੇ ਸਥਾਨਕ ਭਾਈਚਾਰੇ ਵਿੱਚ ਡਰ ਅਤੇ ਗੁੱਸਾ ਪੈਦਾ ਕੀਤਾ ਹੈ ਅਤੇ ਉਹ ਦੋਸ਼ੀਆਂ ਨੂੰ ਜਲਦੀ ਕਾਨੂੰਨ ਦੇ ਹਵਾਲੇ ਕਰਨ ਲਈ ਹਰ ਸੰਭਵ ਕਦਮ ਚੁੱਕ ਰਹੇ ਹਨ।
ਇਸ ਘਟਨਾ ਦੀ ਯੂਕੇ ਸਿੱਖ ਫੈਡਰੇਸ਼ਨ ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ। ਫੈਡਰੇਸ਼ਨ ਦੇ ਮੁੱਖ ਕਾਰਜਕਾਰੀ ਦਵਿੰਦਰਜੀਤ ਸਿੰਘ ਨੇ ਮੰਗ ਕੀਤੀ ਹੈ ਕਿ ਸਭ ਰਾਜਨੀਤਿਕ ਪਾਰਟੀਆਂ ਇਸ ਹਮਲੇ ਦੀ ਖੁੱਲ੍ਹ ਕੇ ਨਿੰਦਾ ਕਰਨ ਅਤੇ ਸਰਕਾਰ ਤੁਰੰਤ ਕਾਰਵਾਈ ਕਰੇ। ਨਾਲ ਹੀ ਉਨ੍ਹਾਂ ਨੇ ਯੂਕੇ ਵਿੱਚ ਰਹਿੰਦੇ ਸਿੱਖ ਭਾਈਚਾਰੇ ਨੂੰ ਹੋਰ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
Get all latest content delivered to your email a few times a month.