ਤਾਜਾ ਖਬਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ, 9 ਸਤੰਬਰ 2025 ਨੂੰ, ਹੜ੍ਹ, ਮੀਂਹ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਹਿਮਾਚਲ ਪ੍ਰਦੇਸ਼ ਦਾ ਦੌਰਾ ਕੀਤਾ। ਉਨ੍ਹਾਂ ਨੇ ਸਭ ਤੋਂ ਪਹਿਲਾਂ ਹਵਾਈ ਸਰਵੇਖਣ ਕਰਕੇ ਨੁਕਸਾਨ ਦੀ ਹਾਲਤ ਦਾ ਜਾਇਜ਼ਾ ਲਿਆ ਅਤੇ ਕਾਂਗੜਾ ਵਿੱਚ ਉੱਚ-ਪੱਧਰੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਰਾਹਤ ਅਤੇ ਮੁੜ-ਵਸੇਬੇ ਦੀ ਯੋਜਨਾਵਾਂ ਦੀ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਨੇ ਸੂਬੇ ਲਈ ਕੇਂਦਰ ਸਰਕਾਰ ਵੱਲੋਂ ਪੂਰੀ ਸਹਾਇਤਾ ਦਾ ਭਰੋਸਾ ਦਿੱਤਾ।
ਪ੍ਰਧਾਨ ਮੰਤਰੀ ਨੇ ਰਾਜ ਲਈ 1500 ਕਰੋੜ ਰੁਪਏ ਦੇ ਵਿਸ਼ਾਲ ਰਾਹਤ ਪੈਕੇਜ ਦਾ ਐਲਾਨ ਕੀਤਾ। ਇਸ ਤਹਿਤ ਰਾਜ ਆਫ਼ਤ ਪ੍ਰਤੀਕਿਰਿਆ ਕੋਸ਼ (SDRF) ਦੀ ਦੂਜੀ ਕਿਸ਼ਤ ਤੇ ਪੀਐੱਮ ਕਿਸਾਨ ਸਨਮਾਨ ਨਿਧੀ ਦੀ ਰਕਮ ਪੇਸ਼ਗੀ ਵਿੱਚ ਜਾਰੀ ਕੀਤੀ ਜਾਵੇਗੀ। ਨਾਲ ਹੀ, ਕੁਦਰਤੀ ਆਫ਼ਤ ਵਿੱਚ ਜਾਨ ਗੁਆਉਣ ਵਾਲੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਗੰਭੀਰ ਰੂਪ ਵਿੱਚ ਜ਼ਖਮੀਆਂ ਨੂੰ ₹50 ਹਜ਼ਾਰ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।
ਮੋਦੀ ਜੀ ਨੇ ਮੁੜ-ਨਿਰਮਾਣ ਲਈ ਬਹੁ-ਪੱਖੀ ਯੋਜਨਾ ਦੀ ਵੀ ਰੂਪ-ਰੇਖਾ ਰੱਖੀ। ਪੀਐੱਮ ਆਵਾਸ ਯੋਜਨਾ ਤਹਿਤ ਨੁਕਸਾਨੇ ਘਰਾਂ ਦਾ ਮੁੜ-ਨਿਰਮਾਣ ਕਰਕੇ ਉਨ੍ਹਾਂ ਦੀ ਜੀਓ-ਟੈਗਿੰਗ ਕੀਤੀ ਜਾਵੇਗੀ, ਜਦਕਿ ਸਕੂਲਾਂ ਦੀ ਮੁਰੰਮਤ ਸਮੱਗਰ ਸਿੱਖਿਆ ਅਭਿਆਨ ਤਹਿਤ ਹੋਵੇਗੀ। ਕਿਸਾਨਾਂ ਲਈ ਵਿਸ਼ੇਸ਼ ਸਹਾਇਤਾ, ਰਾਸ਼ਟਰੀ ਰਾਜਮਾਰਗਾਂ ਦੀ ਮੁਰੰਮਤ, ਪਸ਼ੂਧਨ ਲਈ ਮਿੰਨੀ ਕਿੱਟਾਂ ਅਤੇ ਪਾਣੀ ਸੰਭਾਲ ਲਈ recharge structures ਦੇ ਨਿਰਮਾਣ ਵਰਗੇ ਕਦਮ ਚੁੱਕੇ ਜਾਣਗੇ।
ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਮਿਲ ਕੇ ਆਪਣੀ ਸੰਵੇਦਨਾ ਪ੍ਰਗਟ ਕੀਤੀ ਅਤੇ ਯਕੀਨ ਦਿਵਾਇਆ ਕਿ ਕੇਂਦਰ ਤੇ ਰਾਜ ਸਰਕਾਰ ਇਕੱਠੇ ਮਿਲ ਕੇ ਇਸ ਸੰਕਟ ਤੋਂ ਬਾਹਰ ਕੱਢਣਗੀਆਂ। ਉਨ੍ਹਾਂ ਨੇ NDRF, SDRF, ਸੈਨਾ ਅਤੇ ਸਵੈ-ਸੇਵੀ ਸੰਗਠਨਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਕੇਂਦਰ ਵੱਲੋਂ ਪਹਿਲਾਂ ਹੀ ਇੱਕ ਅੰਤਰ-ਮੰਤਰਾਲੀ ਟੀਮ ਨੂੰ ਹਿਮਾਚਲ ਭੇਜਿਆ ਗਿਆ ਹੈ, ਜਿਸ ਦੀ ਰਿਪੋਰਟ ਦੇ ਆਧਾਰ 'ਤੇ ਅਗਲਾ ਕਦਮ ਚੁੱਕਿਆ ਜਾਵੇਗਾ।
Get all latest content delivered to your email a few times a month.