ਤਾਜਾ ਖਬਰਾਂ
ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਅਤੇ ਪ੍ਰਸਿੱਧ ਕਾਮੇਡੀਅਨ ਤੇ ਅਦਾਕਾਰ ਸਵ. ਜਸਵਿੰਦਰ ਭੱਲਾ ਦੀ ਟੀਮ ਨੇ ਹੜ੍ਹ ਪ੍ਰਭਾਵਿਤ ਮੰਡ ਖੇਤਰ ਦੇ ਪਿੰਡ ਬਾਊਪੁਰ ਅਤੇ ਸਾਂਗਰਾ ਦਾ ਕਿਸ਼ਤੀ ਰਾਹੀਂ ਦੌਰਾ ਕੀਤਾ। ਇਸ ਦੌਰੇ ਦੌਰਾਨ, ਟੀਮ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਹੜ੍ਹ ਕਾਰਨ ਪੈ ਰਹੀਆਂ ਦਿੱਕਤਾਂ ਬਾਰੇ ਸਿੱਧੀ ਜਾਣਕਾਰੀ ਇਕੱਠੀ ਕੀਤੀ।
ਬਾਲ ਮੁਕੰਦ ਸ਼ਰਮਾ ਅਤੇ ਪੁਖਰਾਜ ਭੱਲਾ ਨੇ ਇਸ ਮੌਕੇ ਕਿਹਾ ਕਿ ਮੁਸ਼ਕਿਲ ਘੜੀਆਂ ਵਿੱਚ ਪੰਜਾਬੀਆਂ ਦਾ ਸਾਥ ਦੇਣਾ ਸਾਡਾ ਫਰਜ਼ ਹੈ। ਉਨ੍ਹਾਂ ਨੇ ਦੱਸਿਆ ਕਿ ਕੁਦਰਤੀ ਆਫ਼ਤਾਂ ਕਾਰਨ ਮੰਡ ਖੇਤਰ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਅੱਗੇ ਦੱਸਿਆ ਕਿ ਫੂਡ ਕਮਿਸ਼ਨ ਹੜ੍ਹ ਪੀੜਤਾਂ ਲਈ ਰਾਸ਼ਨ ਅਤੇ ਜ਼ਰੂਰੀ ਸਮਾਨ ਦਾ ਪ੍ਰਬੰਧ ਕਰੇਗਾ।
ਦੌਰੇ ਦੌਰਾਨ, ਰੋਜ਼ਾਨਾ ਵਰਤੋਂ ਦਾ ਸਮਾਨ ਵੀ ਲੋਕਾਂ ਵਿੱਚ ਵੰਡਿਆ ਗਿਆ। ਇਸ ਮੌਕੇ ਸਵ. ਜਸਵਿੰਦਰ ਭੱਲਾ ਦੀ ਪੁੱਤਰੀ ਜੀਨੂੰ ਭੱਲਾ, ਨੂੰਹ ਦੀਸ਼ੂ ਭੱਲਾ, ਪੰਜਾਬ ਟਾਊਨ ਪਲੈਨਿੰਗ ਵਿਭਾਗ ਦੇ ਸੇਵਾ ਮੁਕਤ ਡਾਇਰੈਕਟਰ ਐਮ.ਐਸ. ਔਜਲਾ, ਕਾਮੇਡੀਅਨ ਦੀਪਕ ਰਾਜਾ, ਨਵਦੀਪ ਸਿੰਘ ਸੂਜੋਕਾਲੀਆ, ਐਸ.ਡੀ.ਐਮ ਅਲਕਾ ਕਾਲੀਆ ਅਤੇ ਡੀ.ਐਸ.ਪੀ ਹਰਗੁਰਦੇਵ ਸਿੰਘ ਜੰਮੂ ਸਮੇਤ ਕਈ ਅਹੁਦੇਦਾਰ ਵੀ ਹਾਜ਼ਰ ਸਨ।
Get all latest content delivered to your email a few times a month.