IMG-LOGO
ਹੋਮ ਪੰਜਾਬ: ਪੰਜਾਬ ਸਰਕਾਰ ਨੇ ਦਿਖਾਇਆ ਸੱਚਾ ਨੇਤ੍ਰਿਤਵ: ਹਰ ਧੜਕਣ ਦੀ ਕੀਤੀ...

ਪੰਜਾਬ ਸਰਕਾਰ ਨੇ ਦਿਖਾਇਆ ਸੱਚਾ ਨੇਤ੍ਰਿਤਵ: ਹਰ ਧੜਕਣ ਦੀ ਕੀਤੀ ਜਾ ਰਹੀ ਰੱਖਿਆ,ਇਨਸਾਨ ਹੋਵੇ ਜਾਂ ਜਾਨਵਰ

Admin User - Sep 08, 2025 07:55 AM
IMG

ਚੰਡੀਗੜ੍-ਪੰਜਾਬ ਆਈ ਇਸ ਆਫ਼ਤ ਨੇ ਕਿਸੇ 'ਤੇ ਵੀ ਰਹਿਮ ਨਹੀਂ ਕੀਤਾ, ਨਾ ਇਨਸਾਨਾਂ 'ਤੇ , ਨਾ ਉਨ੍ਹਾਂ ਦੇ ਸੁਪਨਿਆਂ 'ਤੇ ਅਤੇ ਨਾ ਹੀ ਬੇਜ਼ੁਬਾਨਾਂ  'ਤੇ। ਇਸ ਹੜ੍ਹ ਦਾ ਇਰਾਦਾ ਸੀ ਸਭ ਕੁਝ ਰੋੜ ਲੈ ਜਾਣਾ, ਉਨ੍ਹਾਂ ਮਾਸੂਮ ਜੀਵਾਂ ਨੂੰ ਵੀ ਜਿਨ੍ਹਾਂ ਕੋਲ ਮਦਦ ਮੰਗਣ ਲਈ ਆਵਾਜ਼ ਤਕ ਨਹੀਂ ਸੀ। ਪਰ ਅਜਿਹੇ ਹੜ੍ਹ ਵਿੱਚ, ਜਿਸ ਨੇ 1,400 ਤੋਂ ਜ਼ਿਆਦਾ ਪਿੰਡਾਂ ਨੂੰ ਡੁਬਾਇਆ ਤੇ 3.5 ਲੱਖ ਲੋਕਾਂ ਨੂੰ ਪ੍ਰਭਾਵਿਤ ਕੀਤਾ, ਦਇਆ ਤੇ ਕਰੁਣਾ ਦਾ ਇੱਕ ਵਿਸ਼ੇਸ਼ ਸਬੱਬ ਸਾਹਮਣੇ ਆਇਆ। ਜਿੱਥੇ ਮਾਨ ਸਰਕਾਰ ਅਤੇ ਅਨਗਿਣਤ ਬਹਾਦਰ ਲੋਕਾਂ ਨੇ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਬੇਜ਼ੁਬਾਨਾਂ ਨੂੰ ਬਚਾਇਆ ਤੇ ਹਨੇਰੇ ਵਿੱਚ ਉਮੀਦ ਦੀ ਕਿਰਨ ਬਣੇ।

ਮੁੱਖ ਮੰਤਰੀ ਭਗਵੰਤ ਮਾਨ ਨੇ, ਸੰਕਟ ਦੌਰਾਨ ਆਪਣੀਆਂ ਸਿਹਤ ਸਮੱਸਿਆਵਾਂ ਦੇ ਬਾਵਜੂਦ, ਸਭ ਕੁਝ ਅਜਿਹੀ ਤੀਬਰਤਾ ਨਾਲ ਸੰਭਾਲਿਆ ਤੇ ਸਪੱਸ਼ਟ ਹਦਾਇਤਾਂ ਦਿੱਤੀਆ: ਕਿ “ਕੋਈ ਵੀ ਜੀਅ, ਚਾਹੇ ਇਨਸਾਨ ਹੋਵੇ ਜਾਂ ਜਾਨਵਰ, ਪਿੱਛੇ ਨਹੀਂ ਛੱਡਿਆ ਜਾਵੇਗਾ।” ਇਸ ਹਦਾਇਤ ਨੇ ਹੜ੍ਹ ਦੇ ਜਵਾਬ ਨੂੰ ਇੱਕ ਵਿਆਪਕ ਜਾਨ ਬਚਾਉ ਮਿਸ਼ਨ ਬਣਾ ਦਿੱਤਾ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਯਕੀਨੀ ਬਣਾਇਆ ਕਿ ਵੈਟਰਨਰੀ ਟੀਮਾਂ ਜਾਨਵਰਾਂ ਦੀ ਭਲਾਈ ਲਈ ਪਿੰਡਾਂ ਵਿੱਚ ਜਾਣ। ਸਿਰਫ਼ ਫਾਜ਼ਿਲਕਾ ਵਿੱਚ, ਉਸ ਦੇ ਵਿਭਾਗ ਨੇ ਇਨਸਾਨੀ ਰਾਸ਼ਨ ਦੇ ਨਾਲ-ਨਾਲ 5,000 ਬੋਰੀਆਂ ਜਾਨਵਰਾਂ ਦਾ ਚਾਰਾ ਵੰਡਿਆ।

ਅਗਸਤ 2025 ਦੇ ਅੰਤ ਵਿੱਚ, ਜਦ ਸਤਲੁਜ ਤੇ ਬਿਆਸ ਦਰਿਆਵਾਂ ਨੇ ਪੰਜਾਬ ਭਰ ਵਿੱਚ ਆਪਣਾ ਕਹਿਰ ਢਾਹਿਆ, ਤਾਂ 15 ਲੱਖ ਤੋਂ ਜ਼ਿਆਦਾ ਜਾਨਵਰ ਵਗਦੇ ਪਾਣੀ ਵਿੱਚ ਫਸ ਗਏ। ਡੁੱਬੇ ਪਿੰਡਾਂ ਵਿੱਚ ਉਨ੍ਹਾਂ ਦੀਆਂ ਬੇਬਸ ਅਵਾਜ਼ਾਂ ਗੂੰਜ ਰਹੀਆਂ ਸਨ। ਪਸ਼ੂ ਪਾਲਨ, ਡੇਅਰੀ ਵਿਕਾਸ ਤੇ ਮੱਛੀ ਪਾਲਨ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਸੰਕਟ ਦੌਰਾਨ 481 ਵੈਟਰਨਰੀ ਟੀਮਾਂ ਖੇਤਰ ਵਿੱਚ ਤਾਇਨਾਤ ਕੀਤੀਆਂ ਗਈਆਂ। ਹਰ ਟੀਮ ਵਿੱਚ 4 ਮੈਂਬਰ ਸਨ - ਇੱਕ ਵੈਟਰਨਰੀ ਅਫ਼ਸਰ, ਵੈਟਰਨਰੀ ਇੰਸਪੈਕਟਰ/ਫਾਰਮਸਿਸਟ ਤੇ ਇੱਕ ਚੌਥੇ ਦਰਜੇ ਦਾ ਕਰਮਚਾਰੀ।

ਪਠਾਨਕੋਟ ਜ਼ਿਲ੍ਹੇ ਦੇ ਪਿੰਡ ਪੰਮਾ ਦਾ ਡੇਅਰੀ ਕਿਸਾਨ ਗੁਰਬਚਨ ਸਿੰਘ ਦੱਸਦਾ ਹੈ ਕਿ ਉਸ ਨੇ ਆਪਣੀਆ 12 ਮੱਝਾਂ ਨੂੰ ਚਿੱਕੜ ਭਰੇ ਪਾਣੀ ਵਿੱਚ ਖੜ੍ਹੇ ਦੇਖਿਆ। ਉਹ ਕਹਿੰਦਾ ਹੈ, “ਮੈਂ ਸੋਚਿਆ ਸਭ ਕੁਝ ਖਤਮ ਹੋ ਗਿਆ, ਪਰ ਫਿਰ ਮੈਂ ਦੇਖਿਆ ਕਿ ਕਿਸ਼ਤੀਆਂ ਨਾ ਕੇਵਲ ਸਾਡੇ ਇਨਸਾਨਾਂ ਲਈ, ਬਲਕਿ ਮੇਰੇ ਜਾਨਵਰਾਂ ਲਈ ਵੀ ਆ ਰਹੀਆਂ ਸਨ।” ਅਜਿਹੀਆਂ ਹਜ਼ਾਰਾਂ ਕਹਾਣੀਆਂ ਹਨ ਜਿਨ੍ਹਾਂ ਵਿੱਚ ਲਗਭਗ 22,534 ਜਾਨਵਰਾਂ ਦਾ ਇਲਾਜ ਕੀਤਾ ਗਿਆ ਤੇ ਉਨ੍ਹਾਂ ਦੀਆਂ ਜਾਨਾਂ ਬਚਾਈਆਂ ਗਈਆ।

ਕਲਗੀਧਰ ਟਰੱਸਟ ਵਰਗੀਆਂ ਸੰਸਥਾਵਾਂ 125 ਪਿੰਡਾਂ ਵਿੱਚ 5,000 ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੀਆਂ ਤੇ ਉਨ੍ਹਾਂ ਦੇ ਜਾਨਵਰਾਂ ਲਈ ਚਾਰਾ ਵੰਡਿਆ। ਕੈਬਨਿਟ ਮੰਤਰੀ ਖੁੱਡੀਆਂ ਨੇ ਦੱਸਿਆ ਕਿ ਵਿਭਾਗ ਨੇ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ 12,170 ਕੁਇੰਟਲ ਦਾਣਾ ਤੇ 5,090.35 ਕੁਇੰਟਲ ਹਰਾ ਚਾਰਾ ਤੇ ਸੁੱਕਾ ਚਾਰਾ ਵੰਡਿਆ। ਜਾਨਵਰਾਂ ਦੀ ਰੋਗ ਪ੍ਰਤਿਰੋਧਕ ਸ਼ਕਤੀ ਵਧਾਉਣ ਦੀ ਹਰ ਸੰਭਵ ਕੋਸ਼ਿਸ਼ ਵੀ ਕੀਤੀ ਗਈ।

ਆਂਕੜਿਆਂ ਦੀ ਗੱਲ ਕਰੀਏ ਤਾਂ 5,16,000 ਤੋਂ ਜ਼ਿਆਦਾ ਜਾਨਵਰ ਬਚਾਏ ਗਏ। ਮਾਨ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਹਰ ਕਰਮਚਾਰੀ ਨੇ ਆਧੁਨਿਕ ਤਕਨੀਕ ਤੇ ਹਰ ਸੰਭਵ ਕੋਸ਼ਿਸ਼ ਕੀਤੀ ਤਾਂ ਜੋ ਹੜ੍ਹ ਵਿੱਚ ਫਸੇ ਬੇਜ਼ੁਬਾਨਾਂ ਦੀਆਂ ਲੋੜਾਂ ਵੀ ਪੂਰੀਆਂ ਹੋਣ। ਡਰੋਨਾਂ ਨੇ ਛੱਤਾਂ ਉੱਤੇ ਫਸੇ ਜਾਨਵਰਾਂ ਨੂੰ ਲੱਭਿਆ, ਕਿਸ਼ਤੀਆਂ ਤੰਗ ਪਿੰਡ ਦੀਆਂ ਗਲੀਆਂ ਰਾਹੀਂ ਹਰ ਪਸ਼ੂ-ਸ਼ਾਲਾ ਤੱਕ ਪਹੁੰਚੇ ਤੇ ਬਹੁਤ ਸਾਰੇ ਜਾਨਵਰਾਂ ਨੂੰ ਸੁਰੱਖਿਤ ਥਾਵਾਂ ਵਿੱਚ ਪਹੁੰਚਾਇਆ ਗਿਆ।

ਫਾਜ਼ਿਲਕਾ ਵਿੱਚ 38 ਮੈਡੀਕਲ ਟੀਮਾਂ ਵਿੱਚੋਂ, ਆਮ ਆਦਮੀ ਪਾਰਟੀ ਦੀ ਨੇਤਾ ਡਾ. ਅਮਰਜੀਤ ਕੌਰ ਦੱਸਦੀ ਹੈ: “ਸਾਨੂੰ ਇੱਕ ਗਾਂ ਮਿਲੀ ਜੋ ਤਿੰਨ ਦਿਨ ਫਸਣ ਤੋਂ ਬਾਅਦ ਵੀ ਆਪਣੇ ਨਵਜਾਤ ਵੱਛੇ ਦੀ ਰਾਖੀ ਕਰ ਰਹੀ ਸੀ। ਜਦ ਅਸੀਂ ਦੋਨਾਂ ਨੂੰ ਆਪਣੀ ਕਿਸ਼ਤੀ ਵਿੱਚ ਚੁੱਕਿਆ, ਮੈਂ ਸਾਡੀ ਟੀਮ ਦੇ ਮੈਂਬਰਾਂ ਦੀਆ ਅੱਖਾਂ ਵਿੱਚ ਹੰਝੂ ਦੇਖੇ, ਤਾਂ ਮੈਂ ਮਹਿਸੂਸ ਕੀਤਾ ਕਿ ਅਸੀਂ ਸਭ ਬਹੁਤ ਚੰਗਾ ਕੰਮ ਕਰ ਰਹੇ ਹਾਂ।”

ਇਸ ਆਫ਼ਤ ਦੀ ਗੱਲ ਕਰੀਏ ਤਾਂ ਇਸ ਨੇ ਬਹੁਤ ਨੁਕਸਾਨ ਕੀਤਾ। ਮੰਤਰੀ ਖੁੱਡੀਆਂ ਨੇ ਦੱਸਿਆ ਕਿ ਪਠਾਨਕੋਟ, ਗੁਰਦਾਸਪੁਰ, ਅਮ੍ਰਿਤਸਰ, ਫਿਰੋਜ਼ਪੁਰ, ਫਾਜ਼ਿਲਕਾ, ਕਪੂਰਥਲਾ, ਬਰਨਾਲਾ, ਬਠਿੰਡਾ, ਹੁਸ਼ਿਆਰਪੁਰ, ਤਰਨ ਤਾਰਨ, ਪਟਿਆਲਾ, ਜਲੰਧਰ, ਰੂਪਨਗਰ ਤੇ ਮੋਗਾ ਸਮੇਤ 14 ਜ਼ਿਲ੍ਹਿਆਂ ਵਿੱਚ 504 ਪਸ਼ੂ/ਮੱਝ, 73 ਭੇਡ-ਬਕਰੀਆਂ ਤੇ 160 ਸੂਰ ਮਰ ਗਏ। ਇਸ ਤੋਂ ਇਲਾਵਾ, ਪੋਲਟਰੀ ਸ਼ੈਡਾਂ ਢਹਿਣ ਕਰਕੇ ਗੁਰਦਾਸਪੁਰ, ਰੂਪਨਗਰ ਤੇ ਫਾਜ਼ਿਲਕਾ ਵਿੱਚ 18,304 ਮੁਰਗੀ-ਮੁਰਗਾ ਮਰ ਗਏ। ਲਗਭਗ 2.52 ਲੱਖ ਜਾਨਵਰ ਤੇ 5,88,685 ਪੰਛੀ ਹੜ੍ਹ ਤੋਂ ਪ੍ਰਭਾਵਿਤ ਹੋਏ।

ਪਰ ਸਰਕਾਰ ਨੇ ਕਿਸੇ ਨੂੰ ਨਹੀਂ ਛੱਡਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਵੀ ਨਹੀਂ ਛੱਡਣਗੇ। ਤੇ ਇਸ ਸਥਿਤੀ ਵਿੱਚ ਬਹੁਤ ਸਾਰੇ ਕੰਮ ਕੀਤੇ ਗਏ ਜਿਵੇਂ ਖਾਸ ਪਾਣੀ ਨਿਕਾਸ ਪ੍ਰਣਾਲੀਆਂ ਨੇ 1,000 ਏਕੜ ਤੋਂ ਜ਼ਿਆਦਾ ਪਾਣੀ ਭਰੀ ਜ਼ਮੀਨ ਸੁਕਾਉਣ ਵਿੱਚ ਮਦਦ ਕੀਤੀ, ਬਚਾਏ ਗਏ ਜਾਨਵਰਾਂ ਲਈ ਸੁਰੱਖਿਤ ਥਾਵਾਂ ਬਣਾਈਆਂ। ਪਸ਼ੂ ਪਾਲਨ ਦੇ ਪ੍ਰਿੰਸੀਪਲ ਸਕੱਤਰ ਸ਼੍ਰੀ ਰਾਹੁਲ ਭੰਡਾਰੀ ਨੇ ਦੱਸਿਆ ਕਿ ਵਿਭਾਗ ਨੇ ਹੜ੍ਹ ਪ੍ਰਭਾਵਿਤ ਜਾਨਵਰਾਂ ਦੇ ਇਲਾਜ ਲਈ ਕੁੱਲ 31.50 ਲੱਖ ਰੁਪਏ ਜਾਰੀ ਕੀਤੇ। ਉਸ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਸੰਕਟ ਕਾਲਾਂ ਦਾ ਤੁਰੰਤ ਜਵਾਬ ਦੇਣ, ਪ੍ਰਭਾਵਿਤ ਜਾਨਵਰਾਂ ਨੂੰ ਸਮੇਂ ਸਿਰ ਡਾਕਟਰੀ ਦੇਖਭਾਲ ਦੇਣ ਤੇ ਪ੍ਰਭਾਵੀ ਰਾਹਤ ਕਾਰਜਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਸਮਾਜਿਕ ਸੰਸਥਾਵਾਂ ਨਾਲ ਤਾਲਮੇਲ ਬਣਾਉਣ।

ਪੇਂਡੂ ਵਿਕਾਸ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਦੁਆਰਾ ਰਾਹਤ ਕਾਰਜਾਂ ਦੇ ਤੀਜੇ ਪੜਾਅ ਵਿੱਚ ਇਨਸਾਨੀ ਰਾਸ਼ਨ ਦੇ ਨਾਲ-ਨਾਲ ਜਾਨਵਰਾਂ ਦੇ ਚਾਰੇ ਦੀ ਵੰਡ ਸਰਕਾਰ ਦੇ ਉਸ ਫਲਸਫੇ ਨੂੰ ਦਰਸਾਉਂਦੀ ਹੈ ਜੋ ਸਾਰੇ ਜੀਵਾਂ ਨੂੰ ਪਰਿਵਾਰ ਸਮਝਦਾ ਹੈ। ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਤਾਇਨਾਤ 28 ਪਸ਼ੂ ਚਿਕਿਤਸਾ ਟੀਮਾਂ ਕੇਵਲ ਜਾਨਵਰਾਂ ਦੀਆਂ ਬਿਮਾਰੀਆਂ ਦਾ ਇਲਾਜ ਹੀ ਨਹੀਂ ਕਰ ਰਹੀਆਂ ਸਨ ਬਲਕਿ ਉਹਨਾਂ ਕਿਸਾਨਾਂ ਦੇ ਦਿਲਾਂ ਨੂੰ ਵੀ ਠੀਕ ਕਰ ਰਹੀਆਂ ਸਨ ਜਿਨ੍ਹਾਂ ਨੇ ਆਪਣੀ ਜੀਵਨ ਭਰ ਦੀ ਮਿਹਨਤ ਨੂੰ ਵਹਿੰਦਿਆਂ ਦੇਖਿਆ ਸੀ। ਰਾਜ ਮੁੱਖ ਦਫ਼ਤਰ (ਸੰਪਰਕ ਨੰਬਰ 0172-5086064) ਅਤੇ ਜ਼ਿਲ੍ਹਾ ਪੱਧਰੀ ਦਫ਼ਤਰਾਂ ਦੋਵਾਂ ਵਿੱਚ 24x7 ਨਿਯੰਤਰਣ ਕਮਰੇ ਸਥਾਪਿਤ ਕੀਤੇ ਗਏ ਹਨ।

2025 ਦੇ ਪੰਜਾਬ ਹੜ੍ਹਾਂ ਨੂੰ ਕੇਵਲ ਇੱਕ ਕੁਦਰਤੀ ਆਫ਼ਤ ਦੇ ਰੂਪ ਵਿੱਚ ਹੀ ਯਾਦ ਨਹੀਂ ਕੀਤਾ ਜਾਵੇਗਾ, ਸਗੋਂ ਇੱਕ ਨਿਰਣਾਇਕ ਪਲ ਦੇ ਰੂਪ ਵਿੱਚ ਜਦੋਂ ਭਗਵੰਤ ਮਾਨ ਸਰਕਾਰ ਅਤੇ ਪੰਜਾਬ ਦੇ ਲੋਕਾਂ ਨੇ ਸਾਬਤ ਕੀਤਾ ਕਿ ਸੱਚੇ ਨੇਤ੍ਰਿਤਵ ਦਾ ਮਤਲਬ ਹੈ ਹਰ ਧੜਕਣ ਦੀ ਰੱਖਿਆ ਕਰਨਾ ਚਾਹੇ ਉਹ ਇੰਸਾਨ ਦੀ ਹੋਵੇ ਜਾਂ ਜਾਨਵਰ ਦੀ। ਪੰਜਾਬ ਦੇ ਸਭ ਤੋਂ ਮੁਸ਼ਕਿਲ ਦਿਨਾਂ ਵਿੱਚ, ਪੰਜਾਬ ਨੇ ਦਿਖਾਇਆ ਕਿ ਸਾਡੇ ਪ੍ਰੇਮ ਦੀ ਸਮਰੱਥਾ ਦੀ ਕੋਈ ਸੀਮਾ ਨਹੀਂ ਹੈ। ਅਤੇ ਜਦੋਂ ਅਸੀਂ ਕਿਸੇ ਪ੍ਰਤੀ ਦਇਆ ਭਾਵ ਦਿਖਾਉਂਦੇ ਹਾਂ ਤੇ ਕਦਮ ਵਧਾਉਂਦੇ ਹਾਂ, ਤਾਂ ਅਸੀਂ ਕੇਵਲ ਜਾਨਵਰਾਂ ਨੂੰ ਨਹੀਂ ਬਚਾਉਂਦੇ, ਅਸੀਂ ਆਪਣੀ ਖੁਦ ਦੀ ਇਨਸਾਨੀਅਤ ਨੂੰ ਬਚਾਉਂਦੇ ਹਾਂ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.