ਤਾਜਾ ਖਬਰਾਂ
ਡੋਨਾਲਡ ਟਰੰਪ ਦੇ ਦੋਸਤੀ ਵਾਲੇ ਬਿਆਨ ਤੋਂ ਬਾਅਦ ਹੁਣ ਪੀਐਮ ਮੋਦੀ ਦਾ ਵੀ ਬਿਆਨ ਸਾਹਮਣੇ ਆਇਆ ਹੈ। ਪੀਐਮ ਮੋਦੀ ਨੇ ਕਿਹਾ, "ਰਾਸ਼ਟਰਪਤੀ ਟਰੰਪ ਦੀਆਂ ਭਾਵਨਾਵਾਂ ਅਤੇ ਸਾਡੇ ਸੰਬੰਧਾਂ ਦੇ ਸਕਾਰਾਤਮਕ ਮੁਲਾਂਕਣ ਦੀ ਅਸੀਂ ਤਹਿ-ਦਿਲੋਂ ਸਰਾਹਨਾ ਕਰਦੇ ਹਾਂ ਅਤੇ ਉਨ੍ਹਾਂ ਦਾ ਪੂਰਾ ਸਮਰਥਨ ਕਰਦੇ ਹਾਂ। ਭਾਰਤ ਅਤੇ ਅਮਰੀਕਾ ਦੇ ਵਿਚਕਾਰ ਇੱਕ ਬਹੁਤ ਹੀ ਸਕਾਰਾਤਮਕ ਅਤੇ ਦੂਰਦਰਸ਼ੀ, ਵਿਸ਼ਾਲ ਅਤੇ ਵਿਸ਼ਵ ਪੱਧਰੀ ਰਣਨੀਤਿਕ ਭਾਗੀਦਾਰੀ ਹੈ।"
ਵ੍ਹਾਈਟ ਹਾਊਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ-ਅਮਰੀਕਾ ਸੰਬੰਧਾਂ ਬਾਰੇ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ, "ਮੈਂ ਮੋਦੀ ਨਾਲ ਹਮੇਸ਼ਾ ਦੋਸਤਾਨਾ ਰਹਾਂਗਾ, ਉਹ ਇੱਕ ਮਹਾਨ ਪ੍ਰਧਾਨ ਮੰਤਰੀ ਹਨ। ਭਾਰਤ ਅਤੇ ਅਮਰੀਕਾ ਦੇ ਵਿਚਕਾਰ ਇੱਕ ਖ਼ਾਸ ਰਿਸ਼ਤਾ ਹੈ। ਇਸ ਵਿੱਚ ਚਿੰਤਾ ਦੀ ਕੋਈ ਗੱਲ ਨਹੀਂ ਹੈ।"
ਰਾਸ਼ਟਰਪਤੀ ਟਰੰਪ ਤੋਂ ਜਦੋਂ ਭਾਰਤ ਨੂੰ ਖੋਣ ਸਬੰਧੀ ਉਨ੍ਹਾਂ ਦੇ ਟ੍ਰੁਥ ਸੋਸ਼ਲ ਪੋਸਟ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਅਜਿਹਾ ਕੁਝ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ, ਮੇਰੀ (ਭਾਰਤੀ ਪ੍ਰਧਾਨ ਮੰਤਰੀ) ਮੋਦੀ ਨਾਲ ਬਹੁਤ ਚੰਗੀ ਬਣਦੀ ਹੈ। ਉਹ ਕੁਝ ਮਹੀਨੇ ਪਹਿਲਾਂ ਇੱਥੇ ਆਏ ਸਨ, ਅਸੀਂ ਰੋਜ਼ ਗਾਰਡਨ ਗਏ ਸਾਂ।"
ਭਾਰਤ ਅਤੇ ਅਮਰੀਕਾ ਵਿੱਚ ਚੱਲ ਰਿਹਾ ਹੈ ਵਪਾਰਕ ਤਣਾਅ
ਟਰੰਪ ਦੀ ਹਾਈ ਟੈਰਿਫ਼ ਨੀਤੀ ਕਾਰਨ ਭਾਰਤ ਅਤੇ ਅਮਰੀਕਾ ਵਿੱਚ ਵਪਾਰਕ ਤਣਾਅ ਚੱਲ ਰਿਹਾ ਹੈ। ਦਰਅਸਲ ਟਰੰਪ ਨੇ ਭਾਰਤ 'ਤੇ 50 ਫ਼ੀਸਦੀ ਟੈਰਿਫ਼ ਲਗਾਇਆ ਹੈ। ਟਰੰਪ ਦੀ ਇਸ ਨੀਤੀ ਨਾਲ ਭਾਰਤ ਵਿੱਚ ਵੀ ਹਲਚਲ ਮਚੀ ਹੋਈ ਹੈ ਅਤੇ ਜਨਤਾ ਉਨ੍ਹਾਂ ਦੀ ਆਲੋਚਨਾ ਕਰ ਰਹੀ ਹੈ। ਵਿਰੋਧੀ ਪੱਖ ਵੀ ਇਸ ਮਸਲੇ ਨੂੰ ਲੈ ਕੇ ਪੀਐਮ ਮੋਦੀ 'ਤੇ ਹਮਲਾਵਰ ਰੁਖ਼ ਅਪਣਾ ਰਹੇ ਹਨ।
ਅਜਿਹੇ ਦੌਰ ਵਿੱਚ ਟਰੰਪ ਵੱਲੋਂ ਪੀਐਮ ਮੋਦੀ ਨੂੰ ਦੋਸਤ ਕਹਿਣਾ ਅਤੇ ਮੋਦੀ ਵੱਲੋਂ ਟਰੰਪ ਦਾ ਧੰਨਵਾਦ ਕਰਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਲੋਕਾਂ ਦਾ ਕਹਿਣਾ ਹੈ ਕਿ ਟਰੰਪ ਅਤੇ ਮੋਦੀ ਵੱਲੋਂ ਇਸ ਤਰ੍ਹਾਂ ਇਕ-ਦੂਜੇ ਪ੍ਰਤੀ ਨਰਮੀ ਦਿਖਾਉਣਾ ਅਤੇ ਬਿਆਨਾਂ ਰਾਹੀਂ ਦੋਸਤੀ ਦੀ ਗੱਲ ਕਰਨਾ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੋ ਸਕਦੀ ਹੈ। ਹੁਣ ਨਵਾਂ ਸਵਾਲ ਇਹ ਹੈ ਕਿ ਕੀ ਟਰੰਪ ਟੈਰਿਫ਼ ਨੂੰ ਲੈ ਕੇ ਨਰਮ ਰੁਖ਼ ਅਪਣਾਉਣਗੇ ਜਾਂ ਨਹੀਂ?
Get all latest content delivered to your email a few times a month.