ਤਾਜਾ ਖਬਰਾਂ
ਮੁੰਬਈ ਪੁਲਿਸ ਨੇ 60.48 ਕਰੋੜ ਰੁਪਏ ਦੀ ਧੋਖਾਧੜੀ ਮਾਮਲੇ ਵਿੱਚ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਸਦੇ ਪਤੀ ਰਾਜ ਕੁੰਦਰਾ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਦੋਵੇਂ ਅਕਸਰ ਵਿਦੇਸ਼ ਯਾਤਰਾ ਕਰਦੇ ਰਹਿੰਦੇ ਹਨ, ਜਿਸ ਕਾਰਨ ਜਾਂਚ ਪ੍ਰਭਾਵਿਤ ਨਾ ਹੋਵੇ, ਇਸ ਲਈ ਇਹ ਕਦਮ ਚੁੱਕਿਆ ਗਿਆ ਹੈ। ਇਸ ਨੋਟਿਸ ਨਾਲ ਹੁਣ ਜੋੜਾ ਬਿਨਾਂ ਅਨੁਮਤੀ ਦੇਸ਼ ਤੋਂ ਬਾਹਰ ਨਹੀਂ ਜਾ ਸਕੇਗਾ।
ਕਾਰੋਬਾਰੀ ਦੀਪਕ ਕੋਠਾਰੀ ਨੇ 14 ਅਗਸਤ ਨੂੰ ਆਰਥਿਕ ਅਪਰਾਧ ਸ਼ਾਖਾ (EOW) ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਕੋਠਾਰੀ ਦਾ ਦੋਸ਼ ਹੈ ਕਿ 2015 ਤੋਂ 2023 ਦੇ ਵਿਚਕਾਰ ਉਸਨੇ ਸ਼ਿਲਪਾ ਅਤੇ ਕੁੰਦਰਾ ਨੂੰ ਵਪਾਰ ਵਧਾਉਣ ਲਈ ਕੁੱਲ 60.48 ਕਰੋੜ ਰੁਪਏ ਦਿੱਤੇ, ਪਰ ਇਹ ਪੈਸਾ ਕਾਰੋਬਾਰ ਦੀ ਬਜਾਏ ਨਿੱਜੀ ਖਰਚਿਆਂ ‘ਤੇ ਵਰਤਿਆ ਗਿਆ। ਸ਼ਿਲਪਾ ਉਸ ਸਮੇਂ ਬੈਸਟ ਡੀਲ ਟੀਵੀ ਦੀ ਮੁੱਖ ਹਿੱਸੇਦਾਰ (87% ਸ਼ੇਅਰ) ਸੀ, ਜਿੱਥੇ ਕੋਠਾਰੀ ਨੂੰ 75 ਕਰੋੜ ਰੁਪਏ ਲੋਨ ਦੇਣ ਲਈ ਮਨਾਇਆ ਗਿਆ ਸੀ।
ਸ਼ਿਕਾਇਤ ਮੁਤਾਬਕ, ਸ਼ੁਰੂ ਵਿੱਚ ਇਹ ਰਕਮ 12% ਸਾਲਾਨਾ ਵਿਆਜ ਨਾਲ ਲੋਨ ਵਜੋਂ ਦਿੱਤੀ ਜਾ ਰਹੀ ਸੀ, ਪਰ ਬਾਅਦ ਵਿੱਚ ਸ਼ਿਲਪਾ ਅਤੇ ਰਾਜ ਨੇ ਇਸਨੂੰ ਨਿਵੇਸ਼ ਵਜੋਂ ਦਿਖਾਉਣ ਦੀ ਗੱਲ ਕੀਤੀ। ਅਪ੍ਰੈਲ 2016 ਵਿੱਚ ਸ਼ਿਲਪਾ ਨੇ ਨਿੱਜੀ ਗਰੰਟੀ ਵੀ ਦਿੱਤੀ ਸੀ, ਪਰ ਕੁਝ ਹੀ ਸਮੇਂ ਬਾਅਦ ਉਸਨੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕੋਠਾਰੀ ਦਾ ਕਹਿਣਾ ਹੈ ਕਿ ਉਸਨੂੰ ਇਹ ਨਹੀਂ ਦੱਸਿਆ ਗਿਆ ਸੀ ਕਿ ਕੰਪਨੀ ਪਹਿਲਾਂ ਹੀ 1.28 ਕਰੋੜ ਰੁਪਏ ਦੇ ਦੀਵਾਲੀਆ ਕੇਸ ਦਾ ਸਾਹਮਣਾ ਕਰ ਰਹੀ ਹੈ।
ਦੂਜੇ ਪਾਸੇ, ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਇਹ ਸਿਰਫ਼ ਉਨ੍ਹਾਂ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਹੈ। ਇਸ ਵੇਲੇ EOW ਸ਼ਿਲਪਾ ਅਤੇ ਰਾਜ ਕੁੰਦਰਾ ਦੇ ਟ੍ਰੈਵਲ ਲੋਗਸ ਦੀ ਜਾਂਚ ਕਰ ਰਹੀ ਹੈ, ਜਦੋਂਕਿ ਕੰਪਨੀ ਦੇ ਆਡੀਟਰ ਨੂੰ ਵੀ ਪੁੱਛਗਿੱਛ ਲਈ ਸੱਦਿਆ ਗਿਆ ਹੈ। ਲੁੱਕਆਊਟ ਨੋਟਿਸ ਦਾ ਅਰਥ ਹੈ ਕਿ ਹੁਣ ਜਾਂਚ ਪੂਰੀ ਹੋਣ ਤੱਕ ਦੋਵੇਂ ਦੇਸ਼ ਤੋਂ ਬਾਹਰ ਨਹੀਂ ਜਾ ਸਕਣਗੇ।
Get all latest content delivered to your email a few times a month.