ਤਾਜਾ ਖਬਰਾਂ
ਰਾਜ ਸਭਾ ਮੈਂਬਰ ਨੇ ਫਿਰੋਜ਼ਪੁਰ ਪਹੁੰਚ ਕੇ ਹੜ੍ਹ ਪੀੜਤਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ
ਫ਼ਿਰੋਜ਼ਪੁਰ, 3 ਸਤੰਬਰ -
ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਹੜ੍ਹਾਂ ਨੇ ਵੱਡੀ ਗਿਣਤੀ ਵਿੱਚ ਪਿੰਡਾਂ ਤੇ ਖੇਤਾਂ ਨੂੰ ਪਾਣੀ ਹੇਠ ਕਰ ਦਿੱਤਾ ਹੈ ਅਤੇ ਬੇਸ਼ੁਮਾਰ ਪਰਿਵਾਰਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਪਰ ਇਨ੍ਹਾਂ ਔਖੇ ਦਿਨਾਂ ‘ਚ ਵੀ ਸਾਡੀ ਹਿੰਮਤ ਕਦੇ ਟੁੱਟੀ ਨਹੀਂ। ਇਸ ਬਖ਼ਸ਼ੀ ਹੋਈ ਧਰਤੀ ਦੇ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਹਿੰਮਤੀ ਲੋਕ, ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਫੌਜ ਅਤੇ ਐਨਡੀਆਰਐਫ ਦਿਨ ਰਾਤ ਮੋਰਚੇ ‘ਤੇ ਖੜ੍ਹੇ ਹੋ ਕੇ ਸਾਡੇ ਲੋਕਾਂ ਨੂੰ ਬਚਾਉਣ ਅਤੇ ਪਿੰਡਾਂ ਨੂੰ ਮੁੜ ਸੁਰਜੀਤ ਕਰਨ ਲਈ ਜੁਟੇ ਹੋਏ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਾਜ ਸਭਾ ਮੈਂਬਰ ਸ਼੍ਰੀ ਸੰਦੀਪ ਪਾਠਕ ਨੇ ਅੱਜ ਫਿਰੋਜਪੁਰ ਦੇ ਪਿੰਡ ਹਜ਼ਾਰਾਂ ਸਿੰਘ ਵਾਲਾ, ਗੱਟੀ ਰਾਜੋਕੇ, ਬਾਰੇ ਕੇ ਬਣੇ ਰਾਹਤ ਕੇਂਦਰ, ਰੁਕਨੇ ਵਾਲਾ, ਗਜਨੀ ਵਾਲਾ (ਦੋਨਾ ਮੱਤੜ), ਮਬੋ ਕੇ ਅਤੇ ਲੱਖਾ ਸਿੰਘ ਵਾਲਾ ਹਿਠਾੜ ਆਦਿ ਪਿੰਡਾਂ ਵਿੱਚ ਹੜਾਂ ਕਾਰਨ ਬਣੀ ਸਥਿਤੀ ਦਾ ਜਾਇਜ਼ਾ ਲੈਣ ਮੌਕੇ ਕੀਤਾ। ਇਸ ਮੌਕੇ ਉਹਨਾਂ ਵੱਲੋਂ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਮੁੜ ਉਸਾਰੀ ਅਤੇ ਲੋਕਾਂ ਦੇ ਪੁਨਰਵਾਸ ਲਈ ਐਮਪੀਲੈਡਸ ਫੰਡਸ ਵਿੱਚੋਂ ਪੰਜ ਕਰੋੜ ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ ਗਈ। ਇਸ ਮੌਕੇ ਵਿਧਾਇਕ ਹਲਕਾ ਫਿਰੋਜਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਹਲਕਾ ਫਿਰੋਜ਼ਪੁਰ ਦਿਹਾਤੀ ਸ਼੍ਰੀ ਰਜਨੀਸ਼ ਕੁਮਾਰ ਦਹੀਆ, ਵਿਧਾਇਕ ਹਲਕਾ ਗੁਰੂਹਰਸਹਾਏ ਸ੍ਰੀ ਫੌਜਾ ਸਿੰਘ ਸਰਾਰੀ ਅਤੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਘਾਂਗਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ|
ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਸਾਡਾ ਆਪਣੇ ਲੋਕਾਂ ਨਾਲ ਖੜ੍ਹੇ ਹੋਣਾ ਨਾ ਕੇਵਲ ਜ਼ਿੰਮੇਵਾਰੀ ਹੈ, ਬਲਕਿ ਸਾਡਾ ਫਰਜ਼ ਅਤੇ ਧਰਮ ਵੀ ਹੈ। ਉਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਿਆ ਅਤੇ ਮੌਕੇ 'ਤੇ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਜਨ ਪ੍ਰਤੀਨਿਧੀਆਂ ਵੱਲੋਂ ਮਿਲ ਕੇ ਰਾਹਤ ਅਤੇ ਪੁਨਰਵਾਸ ਕਾਰਜ ਜਲਦੀ ਪੂਰਾ ਕੀਤਾ ਜਾਵੇਗਾ, ਤਾਂ ਜੋ ਪ੍ਰਭਾਵਿਤ ਪਰਿਵਾਰਾਂ ਨੂੰ ਜਲਦੀ ਹੀ ਆਮ ਜ਼ਿੰਦਗੀ ਵਿੱਚ ਵਾਪਸ ਆਉਣ ਵਿੱਚ ਮਦਦ ਕੀਤੀ ਜਾ ਸਕੇ। ਉਹਨਾਂ ਵੱਲੋਂ ਬਾਰੇ ਕੇ ਸਕੂਲ ਵਿੱਚ ਬਣਾਏ ਗਏ ਰਾਤ ਕੈਂਪ ਵਿੱਚ ਪਹੁੰਚ ਕੇ ਉੱਥੇ ਰਹਿ ਰਹੇ ਹੜ ਪੀੜਤਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਉਨਾਂ ਨੂੰ ਕੈਂਪ ਵਿੱਚ ਮਿਲ ਰਹੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਲਈ ਗਈ ਜਿਸ ਤੇ ਹੜ ਪ੍ਰਭਾਵਿਤ ਨੇ ਆਪਣੀ ਸੰਤੁਸ਼ਟੀ ਜਾਹਿਰ ਕੀਤੀ|
ਇਸ ਮੌਕੇ ਉਨ੍ਹਾਂ ਸਮਾਜ ਸੇਵਕਾਂ ਅਤੇ ਸਥਾਨਕ ਨੌਜਵਾਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਔਖੇ ਸਮੇਂ ਵਿੱਚ ਸਾਰਿਆਂ ਨੂੰ ਇਕੱਠੇ ਅੱਗੇ ਆਉਣਾ ਚਾਹੀਦਾ ਹੈ। ਇਹ ਸਮੂਹਿਕ ਯਤਨ ਹੀ ਸੇਵਾ ਦਾ ਅਸਲ ਰੂਪ ਹੈ। ਉਨ੍ਹਾਂ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਪਹੁੰਚਾਉਣ ਲਈ ਉਨ੍ਹਾਂ ਦੇ ਹੋਏ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਦੇਣ ਲਈ ਵੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਈ।
ਇਸ ਮੌਕੇ ਚੇਅਰਮੈਨ ਪੰਜਾਬ ਐਗਰੋ ਸ਼੍ਰੀ ਸ਼ਮਿੰਦਰ ਖਿੰਡਾ, ਚੇਅਰਮੈਨ ਇਕਬਾਲ ਸਿੰਘ ਢਿੱਲੋ, ਬਲਰਾਜ ਸਿੰਘ ਸੰਧੂ ਮਮਦੋਟ, ਜ਼ਿਲ੍ਹਾ ਮੀਡੀਆ ਇੰਚਾਰਜ ਨਿਰਵੈਰ ਸਿੰਘ ਸਿੰਧੀ, ਬਲਾਕ ਇੰਚਾਰਜ ਸੁਨੀਲ ਗਰੋਵਰ, ਬਲਰਾਜ ਸਿੰਘ, ਬਲਵਿੰਦਰ ਸਿੰਘ ਲੱਡੂ, ਬਲਵਿੰਦਰ ਸਿੰਘ ਰਾਓਕੇ, ਜਸਵੰਤ ਸਿੰਘ ਸੋਢੀ, ਪ੍ਰਕਾਸ਼ ਵੜਵਾਲ ਆਦਿ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।
Get all latest content delivered to your email a few times a month.