ਤਾਜਾ ਖਬਰਾਂ
ਪੰਜਾਬ ਦੇ ਬਾਗਬਾਨੀ ਅਤੇ ਡਿਫੈਂਸ ਸਰਵਿਸਜ਼ ਵੈਲਫੇਅਰ ਮੰਤਰੀ ਮਹਿੰਦਰ ਭਗਤ ਨੇ ਬੁੱਧਵਾਰ ਨੂੰ ਜਲੰਧਰ ਸਰਕਟ ਹਾਊਸ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਕੇਂਦਰ ਸਰਕਾਰ ਦੇ ਵਤੀਰੇ ’ਤੇ ਨਾਰਾਜ਼ਗੀ ਜਤਾਈ। ਉਨ੍ਹਾਂ ਕਿਹਾ ਕਿ ਜਦੋਂ ਸੂਬਾ ਭਿਆਨਕ ਹੜ੍ਹਾਂ ਨਾਲ ਜੂਝ ਰਿਹਾ ਹੈ, ਉਸ ਸਮੇਂ ਵੀ ਕੇਂਦਰ ਵੱਲੋਂ ਪੰਜਾਬ ਲਈ ਕੋਈ ਖ਼ਾਸ ਵਿੱਤੀ ਰਾਹਤ ਪੈਕੇਜ ਜਾਰੀ ਨਹੀਂ ਕੀਤਾ ਗਿਆ। ਇਸ ਉਦਾਸੀਨ ਰਵੱਈਏ ਨੂੰ ਮੰਤਰੀ ਨੇ "ਬਦਕਿਸਮਤੀ" ਕਰਾਰ ਦਿੱਤਾ।
ਭਗਤ ਨੇ ਅੱਗੇ ਕਿਹਾ ਕਿ ਹੜ੍ਹਾਂ ਕਾਰਨ ਸੂਬੇ ਦੇ ਲੋਕਾਂ ਨੂੰ ਜਾਨੀ ਤੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਫਿਰ ਵੀ ਕੇਂਦਰ ਨੇ ਆਪਣੀਆਂ ਅੱਖਾਂ ਮੂੰਦ ਲਈਆਂ ਹਨ। ਉਨ੍ਹਾਂ ਨਾਲ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਿਤਿਨ ਕੋਹਲੀ, ਦਿਨੇਸ਼ ਢੱਲ ਤੇ ਰਾਜਵਿੰਦਰ ਕੌਰ ਥਿਆੜਾ ਵੀ ਮੌਜੂਦ ਸਨ।
ਮੰਤਰੀ ਨੇ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਪੂਰੀ ਜ਼ਿੰਮੇਵਾਰੀ ਨਾਲ ਰਾਹਤ ਕਾਰਜ ਚਲਾ ਰਹੀ ਹੈ। ਕੈਬਨਿਟ ਮੈਂਬਰ, ਵਿਧਾਇਕ ਅਤੇ ਪਾਰਟੀ ਆਗੂ ਖੁਦ ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚ ਕੇ ਲੋਕਾਂ ਦੀ ਮਦਦ ਯਕੀਨੀ ਬਣਾ ਰਹੇ ਹਨ। ਸੂਬੇ ਭਰ ਵਿੱਚ ਰਾਹਤ ਕੈਂਪ ਅਤੇ ਬਚਾਅ ਉਪਾਅ ਵੀ ਲਗਾਤਾਰ ਚੱਲ ਰਹੇ ਹਨ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਦੀ ਬਜਾਏ ਹਿੰਮਤ ਨਾਲ ਇਸ ਸੰਕਟ ਦਾ ਸਾਹਮਣਾ ਕਰਨ। ਭਗਤ ਨੇ ਜਲੰਧਰ ਸ਼ਹਿਰ ਵਿੱਚੋਂ ਤੇਜ਼ੀ ਨਾਲ ਬਰਸਾਤੀ ਪਾਣੀ ਨਿਕਾਸ ਕਰਕੇ ਆਮ ਹਾਲਾਤ ਬਹਾਲ ਕਰਨ ਲਈ ਸਥਾਨਕ ਪ੍ਰਸ਼ਾਸਨ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
Get all latest content delivered to your email a few times a month.