ਤਾਜਾ ਖਬਰਾਂ
ਪੰਜਾਬ ਭਾਰੀ ਬਾਰਿਸ਼ ਅਤੇ ਹੜ੍ਹਾਂ ਨਾਲ ਜੂਝ ਰਿਹਾ ਹੈ। ਸੂਬੇ ਦੀਆਂ ਨਦੀਆਂ ਉਫਾਨ ‘ਤੇ ਹਨ ਅਤੇ ਕਈ ਇਲਾਕਿਆਂ ਵਿੱਚ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ। ਮੌਸਮ ਦੀ ਇਸ ਤਬਾਹੀ ਵਿੱਚ ਸਿਰਫ਼ ਆਮ ਜਨਤਾ ਹੀ ਨਹੀਂ, ਸਗੋਂ ਇਤਿਹਾਸਕ ਢਾਂਚੇ ਅਤੇ ਪੁਰਾਣੀਆਂ ਇਮਾਰਤਾਂ ਵੀ ਖ਼ਤਰੇ ਹੇਠ ਹਨ।
ਲੁਧਿਆਣਾ ਸ਼ਹਿਰ ਦੇ ਮੁਹੱਲਾ ਨੌਘਰਾ ਵਿੱਚ ਮਸ਼ਹੂਰ ਉਦਯੋਗਪਤੀ ਅਤੇ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਮੁਖੀ ਆਨੰਦ ਮਹਿੰਦਰਾ ਦਾ ਜੱਦੀ ਮਕਾਨ ਬਾਰਿਸ਼ ਕਾਰਨ ਢਹਿ ਗਿਆ। ਤਿੰਨ ਮੰਜ਼ਲਾ ਇਹ ਇਮਾਰਤ ਕਈ ਦਹਾਕਿਆਂ ਪੁਰਾਣੀ ਸੀ ਅਤੇ ਕਾਫ਼ੀ ਸਮੇਂ ਤੋਂ ਖਾਲੀ ਪਈ ਹੋਈ ਸੀ।
ਸਥਾਨਕ ਨਿਵਾਸੀਆਂ ਦੇ ਮੁਤਾਬਕ, ਮਕਾਨ ਕੱਚੀਆਂ ਇੱਟਾਂ ਅਤੇ ਪੁਰਾਣੇ ਨਕਸ਼ੇ ਨਾਲ ਬਣਿਆ ਹੋਇਆ ਸੀ। ਲੰਬੇ ਸਮੇਂ ਤੋਂ ਇਸਦੀ ਦੇਖਭਾਲ ਨਾ ਹੋਣ ਕਾਰਨ ਕੰਧਾਂ ਪਹਿਲਾਂ ਹੀ ਕਮਜ਼ੋਰ ਹੋ ਚੁੱਕੀਆਂ ਸਨ। ਭਾਰੀ ਬਾਰਿਸ਼ ਨੇ ਹਾਲਾਤ ਹੋਰ ਵੀ ਨਾਜ਼ੁਕ ਕਰ ਦਿੱਤੇ ਅਤੇ ਅਖ਼ੀਰਕਾਰ ਘਰ ਦਾ ਵੱਡਾ ਹਿੱਸਾ ਢਹਿ ਗਿਆ। ਖੁਸ਼ਕਿਸਮਤੀ ਨਾਲ, ਉਸ ਸਮੇਂ ਘਰ ਵਿੱਚ ਕੋਈ ਵੱਸਦਾ ਨਹੀਂ ਸੀ। ਇਸ ਲਈ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਨਗਰ ਨਿਗਮ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਸੁਰੱਖਿਆ ਦੇ ਨਜ਼ਰਿਏ ਨਾਲ ਮਲਬਾ ਹਟਾਉਣ ਦਾ ਕੰਮ ਸ਼ੁਰੂ ਕੀਤਾ।
ਅਧਿਕਾਰੀਆਂ ਵੱਲੋਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਭਾਰੀ ਬਾਰਿਸ਼ ਦੌਰਾਨ ਪੁਰਾਣੀਆਂ ਜਾਂ ਕਮਜ਼ੋਰ ਇਮਾਰਤਾਂ ਦੇ ਨੇੜੇ ਨਾ ਜਾਣ, ਕਿਉਂਕਿ ਹੋਰ ਵੀ ਕਈ ਮਕਾਨ ਖ਼ਤਰੇ ਹੇਠ ਹਨ।
Get all latest content delivered to your email a few times a month.