ਤਾਜਾ ਖਬਰਾਂ
ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਫਿਰੋਜ਼ਪੁਰ ਅਤੇ ਹਰੀਕੇ ਪੱਤਣ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਦੌਰੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਨਾਲ ਲੰਬੇ ਸਮੇਂ ਤੋਂ ਹੋ ਰਹੇ ਧੋਖੇ ਦਾ ਹਿਸਾਬ ਲੈਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਇੱਕ ਰਿਪੇਰੀਅਨ ਸੂਬਾ ਹੋਣ ਦੇ ਨਾਤੇ ਹੜ੍ਹਾਂ ਦਾ ਸਭ ਤੋਂ ਵੱਧ ਨੁਕਸਾਨ ਝੱਲਦਾ ਹੈ, ਇਸ ਲਈ ਪੰਜਾਬ ਨੂੰ ਵੀ ਆਪਣਾ ਹੱਕ ਲੈਣਾ ਚਾਹੀਦਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਮੰਗ ਕੀਤੀ ਕਿ ਹਰਿਆਣਾ, ਰਾਜਸਥਾਨ ਅਤੇ ਦਿੱਲੀ ਨੂੰ ਦਿੱਤਾ ਜਾ ਰਿਹਾ ਪੰਜਾਬ ਦਾ ਪਾਣੀ ਮੁਫ਼ਤ ਨਹੀਂ ਜਾਣਾ ਚਾਹੀਦਾ, ਸਗੋਂ ਇਸ ਦੀ ਕੀਮਤ ਵਸੂਲ ਕੀਤੀ ਜਾਵੇ। ਇਸ ਰਾਹੀਂ ਨਾ ਸਿਰਫ਼ ਸੂਬੇ ਦੀ ਆਮਦਨ ਵਧੇਗੀ, ਸਗੋਂ ਬੰਨ੍ਹਾਂ ਅਤੇ ਡੈਮਾਂ ਦੀ ਮੁਰੰਮਤ, ਨਹਿਰੀ ਸੰਚਾਈ ਵਿੱਚ ਵਾਧਾ ਅਤੇ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਦੇ ਪ੍ਰਯਾਸ ਵੀ ਹੋਣਗੇ। ਉਨ੍ਹਾਂ ਹਵਾਲਾ ਦਿੰਦਿਆਂ ਕਿਹਾ ਕਿ ਜਿਵੇਂ ਹਿਮਾਚਲ ਪ੍ਰਦੇਸ਼ ਨੇ ਦਿੱਲੀ ਨੂੰ ਪਾਣੀ ਵੇਚਣ ਲਈ ਐਗਰੀਮੈਂਟ ਕੀਤਾ, ਉਸੇ ਤਰ੍ਹਾਂ ਪੰਜਾਬ ਦਾ ਪਾਣੀ ਵੀ ਮੁਫ਼ਤ ਨਹੀਂ ਜਾਣਾ ਚਾਹੀਦਾ।
ਉਨ੍ਹਾਂ ਕੇਂਦਰ ਅਤੇ ਰਾਜ ਸਰਕਾਰਾਂ ‘ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਅਜੇ ਤੱਕ ਇੰਨੀ ਵੱਡੀ ਤਬਾਹੀ ਦੇ ਬਾਵਜੂਦ ਕੋਈ ਰਾਹਤ ਪੈਕੇਜ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਦਲੀਲ ਦਿੱਤੀ ਕਿ ਪੰਜਾਬੀ ਲੋਕ ਆਪਣੀ ਰਵਾਇਤ ਅਨੁਸਾਰ ਪੀੜਤਾਂ ਦੀ ਮਦਦ ਲਈ ਅੱਗੇ ਆ ਰਹੇ ਹਨ, ਪਰ ਸਰਕਾਰੀ ਪੱਧਰ ‘ਤੇ ਕੋਈ ਕਾਰਵਾਈ ਨਹੀਂ ਹੋ ਰਹੀ।
ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਵਲੋਂ ਚਲਾਏ ਜਾ ਰਹੇ ਰਾਹਤ ਕੈਂਪਾਂ ਦਾ ਵੀ ਜਾਇਜ਼ਾ ਲਿਆ ਅਤੇ ਵਰਕਰਾਂ ਨੂੰ ਹਮੇਸ਼ਾ ਲੋਕ ਸੇਵਾ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨਾਲ ਬਰਜਿੰਦਰ ਸਿੰਘ ਬਰਾੜ, ਅਜੇਪਾਲ ਸਿੰਘ ਬਰਾੜ, ਦਵਿੰਦਰ ਸਿੰਘ ਸੇਖੋਂ, ਕੁਲਬੀਰ ਸਿੰਘ ਮੱਤਾ, ਅਮਨਿੰਦਰ ਸਿੰਘ ਬਨੀ ਬਰਾੜ, ਗਗਨਦੀਪ ਸਿੰਘ ਸੰਧੂ ਅਤੇ ਮਨਪ੍ਰੀਤ ਸਿੰਘ ਭੋਲੂਵਾਲਾ ਵੀ ਸਾਥੀ ਸਨ।
Get all latest content delivered to your email a few times a month.