ਤਾਜਾ ਖਬਰਾਂ
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੰਜਗਰਾਂਈ ਕਲਾਂ ਤੋਂ ਕਰੀਬ 15 ਲੋਕ ਮਨੀ ਮਹੇਸ਼ ਮੰਦਰ ਦੇ ਦਰਸ਼ਨਾਂ ਲਈ ਨਿਕਲੇ ਸਨ ਪਰ ਪਿਛਲੇ ਕਈ ਦਿਨਾਂ ਤੋਂ ਉਹਨਾਂ ਦਾ ਆਪਣੇ ਪਰਿਵਾਰਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਲਾਪਤਾ ਹੋਏ ਲੋਕਾਂ ਵਿੱਚ ਇੱਕ 7 ਸਾਲ ਦਾ ਬੱਚਾ ਵੀ ਸ਼ਾਮਲ ਹੈ। ਪਰਿਵਾਰਾਂ ਦੇ ਮੁਤਾਬਕ, ਉਹ ਹਰ ਸਾਲ ਇਸ ਯਾਤਰਾ ‘ਤੇ ਜਾਂਦੇ ਹਨ ਅਤੇ ਆਮ ਤੌਰ ‘ਤੇ 6 ਦਿਨਾਂ ਵਿੱਚ ਘਰ ਪਰਤ ਆਉਂਦੇ ਹਨ, ਪਰ ਇਸ ਵਾਰ 10 ਤੋਂ ਵੱਧ ਦਿਨ ਬੀਤ ਜਾਣ ‘ਤੇ ਵੀ ਕੋਈ ਖ਼ਬਰ ਨਹੀਂ ਮਿਲੀ।
ਪਰਿਵਾਰਾਂ ਦਾ ਕਹਿਣਾ ਹੈ ਕਿ ਪਿਛਲੇ ਐਤਵਾਰ ਤੋਂ ਉਨ੍ਹਾਂ ਦੇ ਸਾਰੇ ਫੋਨ ਸਵਿੱਚ ਆਫ਼ ਆ ਰਹੇ ਹਨ। ਹਿਮਾਚਲ ਵਿੱਚ ਲਗਾਤਾਰ ਭਾਰੀ ਬਾਰਿਸ਼ ਅਤੇ ਪਹਾੜ ਖਿਸਕਣ ਦੀਆਂ ਖ਼ਬਰਾਂ ਨੇ ਉਹਨਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪੂਰਾ ਪਿੰਡ ਚਿੰਤਾ ਵਿਚ ਹੈ ਅਤੇ ਜਲਦ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਇਹ ਮਾਮਲਾ ਲਿਆਉਣਗੇ, ਤਾਂ ਜੋ ਹਿਮਾਚਲ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਲੋਕਾਂ ਦੀ ਭਾਲ ਕੀਤੀ ਜਾ ਸਕੇ।
ਦੂਜੇ ਪਾਸੇ, ਐਸਡੀਐਮ ਕੋਟਕਪੂਰਾ ਸੂਰਜ ਨੇ ਦੱਸਿਆ ਕਿ ਹਾਲੇ ਤੱਕ ਉਨ੍ਹਾਂ ਨੂੰ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ, ਪਰ ਇਹ ਜਾਣਕਾਰੀ ਉਹਨਾਂ ਤੱਕ ਪਹੁੰਚੀ ਹੈ। ਪ੍ਰਸ਼ਾਸਨ ਨੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਲਾਪਤਾ ਲੋਕਾਂ ਨੂੰ ਲੱਭਣ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਉਹ ਪੀੜਤ ਪਰਿਵਾਰਾਂ ਨਾਲ ਪੂਰੀ ਤਰ੍ਹਾਂ ਖੜ੍ਹੇ ਹਨ।
Get all latest content delivered to your email a few times a month.