ਤਾਜਾ ਖਬਰਾਂ
ਊਨਾ ਹਾਈਵੇ ਦੀ ਬਦਹਾਲ ਹਾਲਤ ਨੇ ਇੱਕ ਵਾਰ ਫਿਰ ਵੱਡੇ ਹਾਦਸੇ ਨੂੰ ਜਨਮ ਦਿੱਤਾ। ਸੜਕਾਂ ‘ਤੇ ਪਏ ਡੂੰਘੇ ਖੱਡੇ ਹਰ ਰੋਜ਼ ਲੋਕਾਂ ਦੀ ਜਾਨ ਲਈ ਖਤਰਾ ਬਣ ਰਹੇ ਹਨ। ਤਾਜ਼ਾ ਮਾਮਲਾ ਉਸ ਵੇਲੇ ਵਾਪਰਿਆ ਜਦੋਂ ਇੱਕ ਸਕੋਰਪੀਓ ਗੱਡੀ ਦਾ ਟਾਇਰ ਫਟ ਗਿਆ ਅਤੇ ਉਹ ਸਿੱਧੀ ਖੜੇ ਟਰੱਕ ਨਾਲ ਜਾ ਟਕਰਾਈ।
ਭਿਆਨਕ ਟੱਕਰ ਕਾਰਨ ਸਕੋਰਪੀਓ ਪੂਰੀ ਤਰ੍ਹਾਂ ਤਬਾਹ ਹੋ ਗਈ ਅਤੇ ਚਾਲਕ, ਜੋ ਕਿ ਪੰਜਾਬ ਪੁਲਿਸ ਦਾ ਜਵਾਨ ਦੱਸਿਆ ਜਾ ਰਿਹਾ ਹੈ, ਗੱਡੀ ਦੇ ਅੰਦਰ ਫਸ ਗਿਆ। ਸਥਾਨਕ ਲੋਕਾਂ ਨੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਉਸਨੂੰ ਗੱਡੀ ਤੋਂ ਬਾਹਰ ਕੱਢਿਆ ਅਤੇ ਜ਼ਖ਼ਮੀ ਹਾਲਤ ਵਿੱਚ ਰੂਪਨਗਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਲਾਕੇ ਦੇ ਵਸਨੀਕਾਂ ਨੇ ਕਿਹਾ ਕਿ ਇਹ ਪਹਿਲਾ ਮਾਮਲਾ ਨਹੀਂ ਹੈ। ਖਰਾਬ ਸੜਕਾਂ ਕਾਰਨ ਨੰਗਲ ਤੋਂ ਕੀਰਤਪੁਰ ਸਾਹਿਬ ਤੱਕ ਦਾ ਸਫ਼ਰ ਡਰਾਈਵਰਾਂ ਲਈ ਖ਼ਤਰਨਾਕ ਬਣਿਆ ਹੋਇਆ ਹੈ। ਹਰ ਰੋਜ਼ ਛੋਟੇ-ਵੱਡੇ ਹਾਦਸੇ ਵਾਪਰ ਰਹੇ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸੜਕਾਂ ਦੀ ਮੁਰੰਮਤ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ।
ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਹੋਰ ਜਾਨਾਂ ਵੀ ਇਸ ਲਾਪਰਵਾਹੀ ਕਾਰਨ ਖ਼ਤਰੇ ਵਿੱਚ ਪੈ ਸਕਦੀਆਂ ਹਨ।
Get all latest content delivered to your email a few times a month.