ਤਾਜਾ ਖਬਰਾਂ
ਬੱਚਿਆਂ ਦੀਆਂ ਸ਼ਰਾਰਤਾਂ ਅਕਸਰ ਪਰਿਵਾਰਾਂ ਲਈ ਮੁਸ਼ਕਲਾਂ ਬਣ ਜਾਂਦੀਆਂ ਹਨ, ਪਰ ਜੇਕਰ ਉਹੀ ਐਨਰਜੀ ਸਹੀ ਰਾਹ ਵੱਲ ਮੋੜ ਦਿੱਤੀ ਜਾਏ ਤਾਂ ਬੱਚਿਆਂ ਦੇ ਭਵਿੱਖ ਦੀ ਦਿਸ਼ਾ ਬਦਲ ਸਕਦੀ ਹੈ। ਅਜਿਹਾ ਹੀ ਉਦਾਹਰਨ ਅੰਗਦ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਛੇ ਸਾਲ ਦੀ ਉਮਰ ਵਿੱਚ ਅੰਗਦ ਅਕਸਰ ਸਕੂਲ ਵਿੱਚ ਕਲਾਸਮੇਟਾਂ ਨਾਲ ਲੜ ਪੈਂਦਾ ਸੀ ਅਤੇ ਉਸਦੀ ਸ਼ਰਾਰਤੀ ਸੁਭਾਅ ਕਾਰਨ ਪਰਿਵਾਰ ਨੂੰ ਅਧਿਆਪਕਾਂ ਤੋਂ ਸ਼ਿਕਾਇਤਾਂ ਮਿਲਦੀਆਂ ਸਨ। ਉਸਦੇ ਫੌਜੀ ਪਿਤਾ ਨੇ ਸੋਚਿਆ ਕਿ ਅੰਗਦ ਦੀ ਤਾਕਤ ਨੂੰ ਇਕ ਸਹੀ ਦਿਸ਼ਾ ਦਿੱਤੀ ਜਾਵੇ ਅਤੇ ਉਸਨੂੰ ਜੁੱਡੋ ਖੇਡ ਨਾਲ ਜੋੜ ਦਿੱਤਾ।
ਕੇਵਲ ਦੋ ਮਹੀਨਿਆਂ ਦੀ ਟ੍ਰੇਨਿੰਗ ਤੋਂ ਬਾਅਦ ਹੀ ਅੰਗਦ ਨੇ ਜ਼ਿਲ੍ਹਾ ਪੱਧਰ 'ਤੇ ਕਾਂਸੇ ਦਾ ਤਮਗਾ ਜਿੱਤ ਕੇ ਆਪਣਾ ਹੁਨਰ ਸਾਬਤ ਕਰ ਦਿੱਤਾ। ਉਸ ਤੋਂ ਬਾਅਦ ਉਸਦਾ ਸਫ਼ਰ ਰੁਕਿਆ ਨਹੀਂ, ਬਲਕਿ ਹਰ ਮੁਕਾਬਲੇ ਵਿੱਚ ਮੈਡਲ ਜਿੱਤ ਕੇ ਉਸਨੇ ਆਪਣੀ ਕਾਬਲੀਅਤ ਨੂੰ ਹੋਰ ਨਿਖਾਰਿਆ। ਹਾਲ ਹੀ ਵਿੱਚ ਅੰਗਦ ਨੇ ਸਹਾਰਨਪੁਰ ਵਿੱਚ ਹੋਈ ਨੈਸ਼ਨਲ ਲੈਵਲ ਦੀ ਜੁੱਡੋ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ। ਉਸਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਫੌਜ ਵੱਲੋਂ ਉਸਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ।
ਅੱਜ ਅੰਗਦ 11 ਸਾਲ ਦੀ ਉਮਰ ਵਿੱਚ ਆਪਣੀ ਖੇਡ ਵਿੱਚ ਨਵੀਆਂ ਉਚਾਈਆਂ ਛੂਹ ਰਿਹਾ ਹੈ ਅਤੇ ਉਸਦਾ ਸਭ ਤੋਂ ਵੱਡਾ ਸੁਪਨਾ ਹੈ ਕਿ ਜੁੱਡੋ ਵਿੱਚ ਓਲੰਪਿਕ ਤੱਕ ਪਹੁੰਚ ਕੇ ਵਿਸ਼ਵ ਚੈਂਪੀਅਨ ਬਣੇ। ਉਸਦੀ ਇਹ ਕਹਾਣੀ ਸਬੂਤ ਹੈ ਕਿ ਬਚਪਨ ਦੀਆਂ ਸ਼ਰਾਰਤਾਂ ਨੂੰ ਸਹੀ ਦਿਸ਼ਾ ਦੇ ਕੇ ਹੀ ਬੱਚਿਆਂ ਦੀਆਂ ਕਾਬਲੀਅਤਾਂ ਨੂੰ ਚਮਕਾਇਆ ਜਾ ਸਕਦਾ ਹੈ।
Get all latest content delivered to your email a few times a month.