ਤਾਜਾ ਖਬਰਾਂ
ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਵਿੰਗ ਨੇ ਦੇਸ਼ ਭਰ ਵਿੱਚ ਹਜ਼ਾਰਾਂ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕਰਨ ਵਾਲੇ ਇੱਕ ਵੱਡੇ ਅੰਤਰਰਾਜੀ ਮਿਊਲ ਅਕਾਊਂਟ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਅੰਮ੍ਰਿਤਸਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ 10.96 ਲੱਖ ਰੁਪਏ ਦੀ ਨਕਦੀ, ਨੌਂ ਮੋਬਾਈਲ ਫੋਨ, ਇੱਕ ਲੈਪਟਾਪ, ਦਰਜਨਾਂ ਡੈਬਿਟ ਕਾਰਡ ਅਤੇ ਬੈਂਕ ਦਸਤਾਵੇਜ਼ ਵੀ ਬਰਾਮਦ ਕੀਤੇ।
ਗ੍ਰਿਫ਼ਤਾਰ ਸ਼ਖ਼ਸਾਂ ਵਿੱਚ ਅਨਮੋਲ (ਫਾਜ਼ਿਲਕਾ) ਰੈਕੇਟ ਦਾ ਮੁੱਖ ਸਪਲਾਇਰ ਸੀ, ਜੋ ਆਪਣੇ ਸਾਥੀਆਂ ਨੂੰ ਮਿਊਲ ਕਿੱਟਾਂ ਭੇਜਦਾ ਸੀ। ਹੋਰ ਤਿੰਨ ਗ੍ਰਿਫ਼ਤਾਰ ਅੰਮ੍ਰਿਤਸਰ ਨਿਵਾਸੀ ਗੌਤਮ, ਅਹਿਸਾਸ ਅਤੇ ਆਕਾਸ਼ ਹਨ, ਜੋ ਰੈਕੇਟ ਰਾਹੀਂ ਸਾਈਬਰ ਧੋਖਾਧੜੀ ਵਾਲੇ ਫੰਡਾਂ ਨੂੰ ਵੱਖ-ਵੱਖ ਖਾਤਿਆਂ ਵਿੱਚ ਟਰਾਂਸਫਰ ਕਰਦੇ ਸਨ। ਦੋਸ਼ੀ ਬੈਂਕ ਖਾਤਿਆਂ ਦੇ ਮਾਲਕਾਂ ਨੂੰ ਥੋੜ੍ਹੀ ਕਮਾਈ ਦਾ ਲਾਲਚ ਦੇ ਕੇ ਖਾਤੇ ਹਾਸਲ ਕਰਦੇ ਅਤੇ ਫਿਰ ਉਹਨਾਂ ਦੀ ਵਰਤੋਂ ਗੈਰ-ਕਾਨੂੰਨੀ ਟਰਾਂਸਫਰ ਅਤੇ ਕ੍ਰਿਪਟੋਕਰੰਸੀ ਰਾਹੀਂ ਵਿਦੇਸ਼ ਭੇਜਣ ਲਈ ਕੀਤੀ ਜਾਂਦੀ ਸੀ।
ਜਾਂਚ ਦੌਰਾਨ ਪਤਾ ਲੱਗਾ ਕਿ ਰੈਕੇਟ ਪਿਛਲੇ ਦੋ ਸਾਲਾਂ ਤੋਂ ਸਰਗਰਮ ਸੀ ਅਤੇ ਪੰਜਾਬ ਦੇ ਸੈਂਕੜੇ ਬੈਂਕ ਖਾਤਿਆਂ ਰਾਹੀਂ ਧੋਖਾਧੜੀ ਵਾਲੇ ਲੈਣ-ਦੇਣ ਕੀਤੇ ਗਏ ਸਨ। ਇਹ ਗਿਰੋਹ ਟੈਲੀਗ੍ਰਾਮ ਗਰੁੱਪਾਂ ਰਾਹੀਂ ਦੱਖਣ-ਪੂਰਬੀ ਏਸ਼ੀਆ ਵਿੱਚ ਬੈਠੇ ਸਾਜ਼ਿਸ਼ਕਰਤਾਵਾਂ ਨਾਲ ਜੁੜਿਆ ਹੋਇਆ ਸੀ, ਜਿਹੜੇ ਸਥਾਨਕ ਕਾਰਕੁੰਨਾਂ ਨੂੰ ਸਿਖਲਾਈ ਦੇ ਕੇ ਭਾਰਤੀ ਮੁਦਰਾ ਨੂੰ ਕ੍ਰਿਪਟੋਕਰੰਸੀ ਵਿੱਚ ਬਦਲਣ ਦਾ ਕੰਮ ਕਰਵਾਉਂਦੇ ਸਨ। ਪੁਲਿਸ ਨੇ 300 ਮਿਊਲ ਖਾਤਿਆਂ ਵਿਰੁੱਧ ਮਾਮਲੇ ਦਰਜ ਕਰਕੇ ਜਾਂਚ ਤੇਜ਼ ਕਰ ਦਿੱਤੀ ਹੈ।
ਪੰਜਾਬ ਪੁਲਿਸ ਨੇ ਚੇਤਾਵਨੀ ਜਾਰੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਨੌਕਰੀ ਦੇ ਵਾਅਦੇ ਜਾਂ ਥੋੜ੍ਹੀ ਰਕਮ ਦੇ ਲਾਲਚ ਵਿੱਚ ਆਪਣੇ ਬੈਂਕ ਖਾਤੇ ਜਾਂ ਸਿਮ ਕਾਰਡ ਕਿਸੇ ਨੂੰ ਵੀ ਨਾ ਦੇਣ। ਜੇਕਰ ਕਿਸੇ ਨੂੰ ਅਜਿਹੀਆਂ ਪੇਸ਼ਕਸ਼ਾਂ ਆਉਣ, ਤਾਂ ਉਹ ਤੁਰੰਤ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੂੰ ਸੂਚਿਤ ਕਰੇ। ਧੋਖਾਧੜੀ ਹੋਣ ਦੀ ਸਥਿਤੀ ਵਿੱਚ ਤੁਰੰਤ ਹੈਲਪਲਾਈਨ 1930 ’ਤੇ ਸੰਪਰਕ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਪੈਸੇ ਬਚਾਏ ਜਾ ਸਕਣ।
Get all latest content delivered to your email a few times a month.